ਕੈਪੀਟਲ ਹਿੰਸਾ ਮਾਮਲਾ: 2 ਪਾਰਟੀ ਜਾਂਚ ਕਮਿਸ਼ਨ ਨੂੰ ਪ੍ਰਤੀਨਿਧ ਸਭਾ ਵੱਲੋਂ ਮਨਜ਼ੂਰੀ

376
Share

ਵਾਸ਼ਿੰਗਟਨ, 26 ਮਈ (ਪੰਜਾਬ ਮੇਲ)-ਅਮਰੀਕਾ ਦੀ ਰਾਸ਼ਟਰਪਤੀ ਚੋਣ ਤੋਂ ਬਾਅਦ ਸੰਸਦ (ਕੈਪੀਟਲ ਹਿੱਲ) ’ਚ 6 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ’ਚ ਹਾਊਸ ਆਫ ਰਿਪਰਜ਼ੈਂਟੇਟਿਵ (ਪ੍ਰਤੀਨਿਧ ਸਭਾ) ਨੇ ਦੋ ਪਾਰਟੀ ਜਾਂਚ ਕਮਿਸ਼ਨ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮਤੇ ’ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੋਫਾੜ ਹੋ ਗਈ। ਪਾਰਟੀ ਦੇ 35 ਸੰਸਦ ਮੈਂਬਰਾਂ ਨੇ ਡੈਮੋਕ੍ਰੇਟ ਨਾਲ ਰਲ ਕੇ ਪਾਰਟੀ ਲਾਈਨ ਤੋਂ ਹਟ ਕੇ ਜਾਂਚ ਕਮਿਸ਼ਨ ਦੀ ਹਮਾਇਤ ’ਚ ਵੋਟ ਦਿੱਤੀ।
ਯਾਦ ਰਹੇ ਕਿ ਕੈਪੀਟਲ ਹਿੱਲ ਦੀ ਹਿੰਸਾ ਲਈ ਕਾਫ਼ੀ ਹੱਦ ਤੱਕ ਡੋਨਾਲਡ ਟਰੰਪ ਦੇ ਦਿੱਤੇ ਗਏ ਭਾਸ਼ਣ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਦੋਸ਼ ਹੈ ਕਿ ਹਮਾਇਤੀਆਂ ਦੀ ਭੀੜ ਨੂੰ ਉਨ੍ਹਾਂ ਨੇ ਹੀ ਸੰਸਦ ’ਤੇ ਹਮਲਾ ਕਰਨ ਲਈ ਉਕਸਾਇਆ। ਅਮਰੀਕੀ ਸੰਸਦ ’ਚ ਹਾਕਮ ਡੈਮੋਕ੍ਰੇਟਿਕ ਪਾਰਟੀ ਸ਼ੁਰੂ ਤੋਂ ਹੀ ਇਹ ਮੰਗ ਕਰ ਰਹੀ ਹੈ ਕਿ ਮਾਮਲੇ ਦੀ ਜਾਂਚ ਲਈ ਕਮਿਸ਼ਨ ਬਿਠਾਇਆ ਜਾਣਾ ਚਾਹੀਦਾ ਹੈ। ਸੰਸਦ ’ਚ ਮਤੇ ਦੀ ਹਮਾਇਤ ’ਚ ਗਿਣਤੀ ਪੂਰੀ ਨਾ ਹੋਣ ਕਾਰਨ ਹੁਣ ਤੱਕ ਇਹ ਮਾਮਲਾ ਪੈਂਡਿੰਗ ਸੀ। ਇਕ ਨਾਟਕੀ ਮੋੜ ਆਉਣ ਤੋਂ ਬਾਅਦ ਟਰੰਪ ਨੇ ਗੁੱਸੇ ਦੀ ਪ੍ਰਵਾਹ ਕੀਤੇ ਬਿਨਾਂ 35 ਰਿਪਬਲਿਕਨ ਸੰਸਦ ਮੈਂਬਰਾਂ ਨੇ ਜਾਂਚ ਕਮਿਸ਼ਨ ਦੇ ਹੱਕ ’ਚ ਡੈਮੋਕ੍ਰੇਟ ਦਾ ਸਾਥ ਦਿੱਤਾ। ਇਸ ਮਤੇ ਦਾ 175 ਸੰਸਦ ਮੈਂਬਰਾਂ ਨੇ ਵਿਰੋਧ ਕੀਤਾ, ਜਦਕਿ ਹਮਾਇਤ ’ਚ 252 ਵੋਟਾਂ ਦਿੱਤੀਆਂ ਗਈਆਂ। ਮਤੇ ਨੂੰ ਸੈਨੇਟ ’ਚ ਮਨਜ਼ੂਰੀ ਲਈ ਭੇਜ ਦਿੱਤਾ ਗਿਆ ਹੈ। ਇਥੇ ਵੀ ਹਾਕਮ ਪਾਰਟੀ ਦੀ ਰਾਹ ਆਸਾਨ ਨਹੀਂ ਹੈ। ਸੈਨੇਟ ’ਚ 10 ਰਿਪਬਲਿਕਨ ਮੈਂਬਰਾਂ ਦਾ ਜਾਂਚ ਕਮਿਸ਼ਨ ਸਥਾਪਤ ਕਰਨ ਦੀ ਹਮਾਇਤ ’ਚ ਵੋਟ ਪਾਉਣਾ ਜ਼ਰੂਰੀ ਹੋਵੇਗਾ। ਟਰੰਪ ਦੀ ਪਾਰਟੀ ਦੇ ਤਿੰਨ ਸੰਸਦ ਮੈਂਬਰਾਂ ਕਾਟਕੋ, ਫ੍ਰੈਡ ਅਪਟੋਨ ਤੇ ਪੀਟਰ ਮੇਜੇਰ ਮਤੇ ਦੀ ਹਮਾਇਤ ’ਚ ਖੁੱਲ੍ਹ ਕੇ ਸੰਸਦ ’ਚ ਬੋਲੇ। ਇਨ੍ਹਾਂ ਤਿੰਨਾਂ ਸੰਸਦ ਮੈਂਬਰਾਂ ਨੇ ਕੈਪੀਟਲ ਹਿੱਲ ’ਚ ਹਿੰਸਾ ਦੀ ਸਖ਼ਤ ਆਲੋਚਨਾ ਵੀ ਕੀਤੀ। ਸੈਨੇਟ ਤੋਂ ਮਤਾ ਪਾਸ ਹੋਣ ਤੋਂ ਬਾਅਦ ਜਾਂਚ ਕਮਿਸ਼ਨ ’ਚ ਗ਼ੈਰ-ਸੰਸਦ ਮੈਂਬਰਾਂ ’ਚੋਂ ਦੋਵੇਂ ਪਾਰਟੀਆਂ ਵੱਲੋਂ ਪੰਜ-ਪੰਜ ਕਮਿਸ਼ਨਰ ਨਿਯੁਕਤ ਕੀਤੇ ਜਾਣਗੇ। ਇਸ ਕਮਿਸ਼ਨ ਦਾ ਚੇਅਰਮੈਨ ਡੈਮੋਕ੍ਰੇਟਿਕ ਪਾਰਟੀ ਬਣਾਏਗੀ, ਜਦਕਿ ਵਾਈਸ ਚੇਅਰਮੈਨ ਰਿਪਬਲਿਕਨ ਪਾਰਟੀ ਨਿਯੁਕਤ ਕਰੇਗੀ। ਕਮਿਸ਼ਨ ਨੂੰ ਇਸ ਸਾਲ ਦੇ ਅੰਤ ਤਕ ਰਿਪੋਰਟ ਦੇਣੀ ਪਵੇਗੀ। ਕਮਿਸ਼ਨ 6 ਜਨਵਰੀ ਨੂੰ ਘਟਨਾਕ੍ਰਮ ਦੀ ਜਾਂਚ ਕਰੇਗਾ। ਨਾਲ ਹੀ ਅਜਿਹੀਆਂ ਘਟਨਾਵਾਂ ਕਿਵੇਂ ਰੋਕੀਆਂ ਜਾ ਸਕਦੀਆਂ ਹਨ, ਇਸ ’ਤੇ ਵੀ ਆਪਣੀ ਰਿਪੋਰਟ ਦੇਵੇਗਾ।
ਸੰਸਦ ’ਚ ਹਿੰਸਾ ’ਤੇ ਮੁੜ ਗ੍ਰਿਫ਼ਤਾਰੀ ਸ਼ੁਰੂ : ਕੈਪੀਟਲ ਹਿੱਲ ਹਿੰਸਾ ਦੇ ਮਾਮਲੇ ’ਚ ਗ੍ਰਿਫ਼ਤਾਰੀ ਦਾ ਦੌਰ ਇਕ ਵਾਰੀ ਮੁੜ ਸ਼ੁਰੂ ਹੋ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਹਾਲੇ ਤੱਕ 400 ਲੋਕਾਂ ਨੂੰ ਗਿਫ੍ਰਤਾਰ ਕੀਤਾ ਹੈ।


Share