ਕੈਪੀਟਲ ਹਿਲ ਹਿੰਸਾ ਮਾਮਲਾ: ਪੁਲਿਸ ਵਿਭਾਗ ’ਚ ਵੱਡੀ ਕਾਰਵਾਈ ਦੀ ਦਹਿਸ਼ਤ

237
Share

-ਹੁਣ ਤੱਕ 70 ਪੁਲਿਸ ਮੁਲਾਜ਼ਮਾਂ ਨੇ ਛੱਡੀ ਨੌਕਰੀ
ਵਾਸ਼ਿੰਗਟਨ, 24 ਮਈ (ਪੰਜਾਬ ਮੇਲ)- ਅਮਰੀਕਾ ’ਚ 6 ਜਨਵਰੀ ਨੂੰ ਕੈਪੀਟਲ ਹਿਲ ਹਿੰਸਾ ਤੋਂ ਬਾਅਦ ਪੁਲਿਸ ਵਿਭਾਗ ’ਚ ਵੱਡੀ ਕਾਰਵਾਈ ਦੀ ਦਹਿਸ਼ਤ ਹੈ ਅਤੇ ਹੁਣ ਤੱਕ 70 ਪੁਲਿਸ ਮੁਲਾਜ਼ਮ ਨੌਕਰੀ ਛੱਡ ਚੁੱਕੇ ਹਨ। ਕੈਪੀਟਲ ਹਿਲ ਪੁਲਿਸ ਯੂਨੀਅਨ ਦੇ ਪ੍ਰਧਾਨ ਗਸ ਪਾਪਾਥਾਨਾਸਿਊ ਦਾ ਕਹਿਣਾ ਹੈ ਕਿ ਅਧਿਕਾਰੀ ਨਿਰਾਸ਼ ਹਨ ਅਤੇ ਉਹ ਇਸ ਨਿਰਾਸ਼ਾ ਦੀ ਹਾਲਾਤ ਨੂੰ ਦੂਰ ਕਰਨ ਦਾ ਰਸਤਾ ਭਾਲ ਰਹੇ ਹਨ। ਉਹ ਜਾਂਚ ਦੇ ਲੰਬੇ ਸਮੇਂ ’ਚ ਤਣਾਅ ਲੈ ਕੇ ਨਹੀਂ ਜਿਊਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਅਮਰੀਕੀ ਸੰਸਦ ਨੇ 1.2 ਬਿਲੀਅਨ ਡਾਲਰ ਦਾ ਬਜਟ ਪਾਸ ਕੀਤਾ ਹੈ। ਇਹ ਕੈਪੀਟਲ ਹਿਲ ਪੁਲਿਸ ਲਈ ਵਾਧੂ ਸਾਧਨ ਜੁਟਾਉਣ ਲਈ ਦਿੱਤਾ ਗਿਆ ਹੈ। ਇਹ ਬਜਟ ਹਿੰਸਾ ਦੇ ਵੱਧਦੇ ਰੁਝਾਨ ਨੂੰ ਰੋਕਣ ’ਚ ਕਾਰਗਰ ਨਹੀਂ ਹੋ ਸਕਦਾ। ਹਾਲ ਹੀ ਕੁਝ ਘਟਨਾਵਾਂ ਇਸ ਨੂੰ ਸਾਬਤ ਕਰਨ ਲਈ ਢੁੱਕਵੀਆਂ ਹਨ। ਅਪ੍ਰੈਲ ’ਚ ਇਕ ਵਿਅਕਤੀ ਕੈਪੀਟਲ ਹਿਲ ਖੇਤਰ ’ਚ ਵੜ੍ਹਿਆ ਤੇ ਉਸ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਗੋਲ਼ੀ ਮਾਰ ਦਿੱਤੀ। ਇਕ ਘਟਨਾ ’ਚ ਇਸੇ ਖੇਤਰ ’ਚ ਇਕ ਵਿਅਕਤੀ ਕਾਰ ’ਚੋਂ ਨਿਕਲਿਆ ਅਤੇ ਉਸ ਨੇ ਚਾਕੂ ਮਾਰ ਕੇ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ। ਬਾਅਦ ’ਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਅਜਿਹੀ ਹਿੰਸਾ 6 ਜਨਵਰੀ ਨੂੰ ਹੋਈ ਸੀ।

Share