ਕੈਪਟਨ ਸਰਕਾਰ ਵੱਲੋਂ ਕਰੋੜਾਂ ਦੇ ਸ਼ਰਾਬ ਘਪਲੇ ਨੂੰ ‘ਗੱਲ ਆਈ-ਗਈ’ ਕਰਨ ਦਾ ਯਤਨ

717
Share

ਫੈਕਟਰੀਆਂ ਦੀ ਨਾਜਾਇਜ਼ ਫੜੀ ਸ਼ਰਾਬ ਦਾ ਮਾਮਲਾ
ਜਲੰਧਰ, 8 ਜੂਨ (ਮੇਜਰ ਸਿੰਘ/ਪੰਜਾਬ ਮੇਲ)- ਲਾਕਡਾਊਨ ਦੌਰਾਨ ਪੰਜਾਬ ਅੰਦਰ ਧੜੱਲੇ ਨਾਲ ਨਾਜਾਇਜ਼ ਸ਼ਰਾਬ ਵਿਕਣ ਦਾ ਰੌਲਾ ਪੈਣ ਬਾਅਦ ਪੰਜਾਬ ਸਰਕਾਰ ਨੇ ਸਖ਼ਤੀ ਕਰਦਿਆਂ ਵੱਖ-ਵੱਖ ਸ਼ਰਾਬ ਫੈਕਟਰੀਆਂ ‘ਚ ਮਾਰੇ ਛਾਪਿਆ ਦੌਰਾਨ ਰਾਜਪੁਰਾ ਨੇੜਲੇ ਪਿੰਡ ਸੰਧਾਰਸੀ ਵਿਖੇ ਚੱਲ ਰਹੀ ਐੱਨ.ਵੀ. ਡਿਸਟੀਲਰੀਜ਼ ਐਂਡ ਬੇਵਰੇਜਿਸ ਪ੍ਰਾ: ਲਿ: ਵਿਖੇ ਛੱਤੀਸਗੜ੍ਹ ‘ਚ ਵਿਕਣ ਵਾਲੇ ਲੇਬਲ ਲਗਾਈ 22,000 ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਫੜੀਆਂ ਸਨ। ਆਬਕਾਰੀ ਵਿਭਾਗ ਮੁਤਾਬਿਕ ਇਹ ਸ਼ਰਾਬ ਫੈਕਟਰੀ ‘ਚ ਤਿਆਰ ਕੀਤੇ ਸ਼ਰਾਬ ਉਤਪਾਦਨ ਵਿਚ ਦਰਜ ਨਹੀਂ ਸੀ। ਚਰਚਾ ਇਹੀ ਸੀ ਕਿ ਲਾਕਡਾਊਨ ਸਮੇਂ ਜਦ ਸਾਰਾ ਜਨਜੀਵਨ ਤੇ ਸਰਗਰਮੀ ਠੱਪ ਸੀ, ਤਾਂ ਇਹ ਫੈਕਟਰੀਆਂ ਨਾਜਾਇਜ਼ ਸ਼ਰਾਬ ਤਿਆਰ ਕਰ ਕੇ ਕੁਝ ਕਾਂਗਰਸ ਆਗੂਆਂ ਤੇ ਠੇਕੇਦਾਰਾਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਪੰਜਾਬ ਭਰ ‘ਚ ਮਹਿੰਗੇ ਭਾਅ ਧੜੱਲੇ ਨਾਲ ਵੇਚਦੀਆਂ ਰਹੀਆਂ। ਲੋਕ ਹੈਰਾਨ ਉਸ ਸਮੇਂ ਹੋ ਗਏ, ਜਦ ਦੋ ਮਹੀਨੇ ਬਾਅਦ ਠੇਕੇ ਖੁੱਲ੍ਹਣ ‘ਤੇ ਠੇਕਿਆਂ ਉੱਪਰ ਸ਼ਰਾਬ ਲੈਣ ਹੀ ਕੋਈ ਨਹੀਂ ਆਇਆ ਤਾਂ ਰੌਲਾ ਪਿਆ ਕਿ ਲਾਕਡਾਊਨ ਸਮੇਂ ਤਾਂ ਸ਼ਰਾਬ ਖੁੱਲ੍ਹੀ ਵਿਕਦੀ ਰਹੀ ਹੈ। ਰਾਜਪੁਰਾ ਸ਼ਰਾਬ ਫੈਕਟਰੀ ‘ਚ ਨਾਜਾਇਜ਼ ਸ਼ਰਾਬ ਦਾ ਭੰਡਾਰ ਸਾਹਮਣੇ ਆਉਣ ਨਾਲ ਲੋਕਾਂ ਅੰਦਰ ਚੱਲ ਰਹੀ ਚਰਚਾ ਸੱਚ ਸਾਬਤ ਹੋ ਗਈ ਪਰ ਏਨੀ ਵੱਡੀ ਮਾਤਰਾ ‘ਚ ਸ਼ਰਾਬ ਫੈਕਟਰੀ ‘ਚੋਂ ਸ਼ਰਾਬ ਬਰਾਮਦ ਹੋਣ ਦੇ ਮਾਮਲੇ ‘ਚ ਸੱਚ ਇਹ ਹੈ ਕਿ ਸਰਕਾਰ ਨੇ ਇਸ ਮਾਮਲੇ ‘ਚ ਪੁਲਿਸ ਕੇਸ ਵੀ ਦਰਜ ਕਰਾਉਣ ਦੀ ਲੋੜ ਨਹੀਂ ਸਮਝੀ, ਸਗੋਂ ਇਸ ਨੂੰ ਸ਼ਰਾਬ ਫੈਕਟਰੀ ‘ਚ ਟੈਕਸ ਦੀ ਆਮ ਅਵੱਗਿਆ ਸਮਝਦਿਆਂ ਜੁਰਮਾਨਾ ਲਗਾ ਕੇ ਗੱਲ ਆਈ-ਗਈ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕਰ ਤੇ ਆਬਕਾਰੀ ਵਿਭਾਗ ਦੇ ਪਟਿਆਲਾ ਦੇ ਸਹਾਇਕ ਕਮਿਸ਼ਨਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਛਾਪੇ ਦੌਰਾਨ ਐੱਨ.ਵੀ. ਡਿਸਟੀਲਰੀ ਦੇ ਅੰਦਰੋਂ 22 ਹਜ਼ਾਰ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਫੜੀਆਂ ਸਨ, ਜਿਨ੍ਹਾਂ ਦਾ ਫੈਕਟਰੀ ਦੇ ਰਿਕਾਰਡ ‘ਚ ਕਿਧਰੇ ਵੀ ਇੰਦਰਾਜ ਨਹੀਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫੈਕਟਰੀ ਦੇ ਅੰਦਰ ਦਾ ਹੀ ਮਾਮਲਾ ਹੈ। ਇਸ ਕਰਕੇ ਪੁਲਿਸ ਕੇਸ ਦਰਜ ਨਹੀਂ ਕਰਵਾਇਆ ਗਿਆ, ਸਗੋਂ ਵਿਭਾਗੀ ਕਾਰਵਾਈ ਹੀ ਹੋ ਰਹੀ ਹੈ। ਡਿਪਟੀ ਕਮਿਸ਼ਨਰ ਆਬਕਾਰੀ ਪਟਿਆਲਾ ਉਪਕਾਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਨਾਲ ਚੰਡੀਗੜ੍ਹ ਦਫ਼ਤਰੋਂ ਹੀ ਨਜਿੱਠਿਆ ਜਾ ਰਿਹਾ ਹੈ। ਉਨ੍ਹਾਂ ਵੀ ਕਿਹਾ ਕਿ ਚਲਾਨ ਬਣਿਆ ਹੋਇਆ ਹੈ ਤੇ ਜੁਰਮਾਨੇ ਬਾਰੇ ਫ਼ੈਸਲਾ ਰਾਜ ਪੱਧਰ ‘ਤੇ ਹੀ ਹੋਵੇਗਾ। ਇਸ ਤੋਂ ਸਪੱਸ਼ਟ ਹੈ ਕਿ ਵਿਭਾਗ ਵਲੋਂ ਫੈਕਟਰੀ ‘ਚੋਂ ਬਰਾਮਦ ਨਾਜਾਇਜ਼ ਸ਼ਰਾਬ ਦੇ ਵੱਡੇ ਭੰਡਾਰ ਨੂੰ ਮਹਿਜ਼ ਮਾਮੂਲੀ ਅਵੱਗਿਆ ਸਮਝ ਕੇ ਵਿਚਾਰਿਆ ਜਾ ਰਿਹਾ ਹੈ।
ਚੱਢਾ ਖੰਡ ਮਿੱਲ ਤੇ ਸ਼ਰਾਬ ਫੈਕਟਰੀ ਤੋਂ 31 ਮਈ ਨੂੰ ਸਵੇਰੇ ਸ਼ਰਾਬ ਦੇ ਭਰੇ 2 ਟਰੱਕ ਫੜੇ ਗਏ ਸਨ। ਈ.ਟੀ.ਓ. ਗੁਰਦਾਸਪੁਰ ਲਵਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਟਰੱਕਾਂ ‘ਚੋਂ 2680 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਬੰਧ ‘ਚ ਉਸੇ ਦਿਨ ਥਾਣਾ ਸ੍ਰੀ ਹਰਿਗੋਬਿੰਦਪੁਰ ਵਿਖੇ ਕੇਸ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕਰਕੇ ਗੱਲ ਆਈ-ਗਈ ਕਰ ਦਿੱਤੀ। ਦਰਜ ਐੱਫ.ਆਈ.ਆਰ. ‘ਚ ਹਿਮਾਚਲ ਤੇ ਹਰਿਆਣਾ ਦੇ ਨੰਬਰਾਂ ਵਾਲੇ ਟਰੱਕਾਂ ਦਾ ਤਾਂ ਜ਼ਿਕਰ ਹੈ। ਇਹ ਟਰੱਕ ਕੌਣ ਲੈ ਕੇ ਜਾ ਰਿਹਾ ਸੀ ਤੇ ਕਿੱਥੇ ਜਾਣੇ ਸਨ? ਇਸ ਬਾਰੇ ਪੜਤਾਲ ਕਰਨ ਦੀ ਥਾਂ ਪੁਲਿਸ ਤੇ ਆਬਕਾਰੀ ਵਿਭਾਗ ਵਾਲੇ ਅਜੀਬ ਖੇਡ ਖੇਡ ਰਹੇ ਹਨ। ਆਬਕਾਰੀ ਵਿਭਾਗ ਦੀ ਸਹਾਇਕ ਕਮਿਸ਼ਨਰ ਰਾਜਵਿੰਦਰ ਕੌਰ ਬਾਜਵਾ ਦਾ ਕਹਿਣਾ ਹੈ ਕਿ ਕੇਸ ਪੁਲਿਸ ਕੋਲ ਦਰਜ ਹੈ, ਪੜਤਾਲ ਉਹੀ ਕਰੇਗੀ। ਉਨ੍ਹਾਂ ਕਿਹਾ ਕਿ ਆਬਕਾਰੀ ਦਾ ਕੋਈ ਵੀ ਮਾਮਲਾ ਦਰਜ ਹੁੰਦਾ ਹੈ ਤਾਂ ਪੜਤਾਲ ਹਮੇਸ਼ਾ ਕੇਸ ਦਰਜ ਹੋਣ ਬਾਅਦ ਪੁਲਿਸ ਹੀ ਕਰਦੀ ਹੈ ਪਰ ਦੂਜੇ ਪਾਸੇ ਐੱਸ.ਐੱਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਆਬਕਾਰੀ ਵਿਭਾਗ ਖੁਦ ਹੀ ਕਰ ਰਿਹਾ ਹੈ ਤੇ ਬਰਾਮਦਗੀ ਵੀ ਉਨ੍ਹਾਂ ਵਲੋਂ ਹੀ ਕੀਤੀ ਗਈ ਹੈ ਤੇ ਪੁਲਿਸ ਕੋਈ ਜਾਂਚ ਨਹੀਂ ਕਰ ਰਹੀ। ਕੈਪਟਨ ਸਰਕਾਰ ਨੇ ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਪਹਿਲਾਂ ਇਕ ਸਿਟ ਬਣਾਈ ਸੀ ਤੇ ਹੁਣ ਮੰਤਰੀਆਂ ਤੇ ਅਧਿਕਾਰੀਆਂ ਦਾ ਇਕ ਗਰੁੱਪ ਵੀ ਗਠਿਤ ਕਰ ਦਿੱਤਾ ਹੈ ਪਰ ਸਵਾਲ ਤਾਂ ਇਹ ਉੱਠ ਰਿਹਾ ਹੈ ਕਿ ਜੇਕਰ ਕਰੋੜਾਂ ਰੁਪਏ ਦੀ ਸ਼ਰਾਬ ਫੈਕਟਰੀਆਂ ‘ਚ ਫੜੀ ਨਾਜਾਇਜ਼ ਸ਼ਰਾਬ ਦੇ ਮਾਮਲਿਆਂ ‘ਚ ਕੋਈ ਕਾਰਵਾਈ ਨਹੀਂ ਹੋ ਰਹੀ, ਫਿਰ ਨਵੀਆਂ ਕਮੇਟੀਆਂ ਤੇ ਗਰੁੱਪ ਕਾਹਦੇ ਲਈ ਬਣਾਏ ਜਾ ਰਹੇ ਹਨ।


Share