ਜਲੰਧਰ, 26 ਫਰਵਰੀ (ਮੇਜਰ ਸਿੰਘ/ਪੰਜਾਬ ਮੇਲ)-ਪੰਜਾਬ ਸਰਕਾਰ ਦੇ ਪ੍ਰਵਾਸੀ ਪੰਜਾਬੀਆਂ ਪ੍ਰਤੀ ਰੁੱਖ਼ੇ ਵਤੀਰੇ ਤੋਂ ਵਿਦੇਸ਼ਾਂ ‘ਚ ਰਹਿ ਕੇ ਪੰਜਾਬ ਦੇ ਲੋਕ ਭਲਾਈ ਕੰਮਾਂ ਲਈ ਵੱਡੀਆਂ ਰਕਮਾਂ ਖਰਚ ਕਰਨ ਵਾਲੇ ਪੰਜਾਬੀਆਂ ‘ਚ ਭਾਰੀ ਨਿਰਾਸ਼ਾ ਹੈ। ਜਲੰਧਰ ਨੇੜਲੇ ਪਿੰਡ ਗਾਖਲ ਦੇ ਜੰਮਪਲ ਤੇ ਅਮਰੀਕਾ ‘ਚ ਰਹਿੰਦੇ ਸ਼੍ਰੀ ਅਮੋਲਕ ਸਿੰਘ ਗਾਖ਼ਲ ਦੇ ਪਰਿਵਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਪਿੰਡ ਦੇ ਵਿਕਾਸ ਕਾਰਜਾਂ ‘ਚ ਭਾਰੀ ਯੋਗਦਾਨ ਪਾਇਆ ਜਾਂਦਾ ਰਿਹਾ ਹੈ। ਸੁਰਜੀਤ ਯਾਦਗਾਰੀ ਹਾਕੀ ਮੁਕਾਬਲੇ ਦਾ ਸਾਢੇ 5 ਲੱਖ ਰੁਪਏ ਦਾ ਇਨਾਮ ਉਨ੍ਹਾਂ ਵਲੋਂ ਦਿੱਤਾ ਜਾਂਦਾ ਹੈ ਤੇ ਹੋਰ ਬਹੁਤ ਸਾਰੇ ਟੂਰਨਾਮੈਂਟ ਸਪਾਂਸਰ ਕੀਤੇ ਜਾਂਦੇ ਹਨ। ਹੁਣ ਉਨ੍ਹਾਂ ਪਿੰਡ ‘ਚ ਸਵੱਛਤਾ ਤੇ ਸਿਹਤਯਾਬੀ ਲਈ ਵੱਡਾ ਉੱਦਮ ਕਰਦਿਆਂ ਪਹਿਲਾਂ ਛੱਪੜ ਪੂਰਿਆ ਤੇ ਫਿਰ ਕਰੀਬ ਇਕ ਕਰੋੜ ਰੁਪਏ ਦੀ ਰਕਮ ਖਰਚ ਕਰਕੇ ਸੀਵਰੇਜ ਪੁਆਇਆ ਜਾ ਰਿਹਾ ਹੈ ਪਰ ਪਿਛਲੇ ਹਫ਼ਤੇ ਜਲ ਸਪਲਾਈ ਦੇ ਅਧਿਕਾਰੀਆਂ ਤੇ ਏ.ਡੀ.ਸੀ. ਵਿਕਾਸ ਨੇ ਟੈਲੀਫੋਨ ਵਾਰਤਾ ‘ਚ ਸ਼ਿਕਾਇਤ ਦਾ ਹਵਾਲਾ ਦੇ ਕੇ ਅਮੋਲਕ ਸਿੰਘ ਗਾਖਲ ਨੂੰ ਤੁਰੰਤ ਕੰਮ ਬੰਦ ਕਰਨ ‘ਤੇ ਹੋਣ ਵਾਲੇ ਕਿਸੇ ਨੁਕਸਾਨ ਲਈ ਜ਼ਿੰਮੇਵਾਰ ਹੋਣ ਦਾ ਹੁਕਮ ਚਾੜ੍ਹ ਦਿੱਤਾ। ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਸੀਵਰੇਜ ਪੈਣ ਨਾਲ ਜਲ ਸਪਲਾਈ ‘ਚ ਵਿਘਨ ਪੈਣ ਤੇ ਪਾਣੀ ਦੂਸ਼ਿਤ ਹੋਣ ਦਾ ਖਦਸ਼ਾ ਹੈ। ਹਾਲਾਂਕਿ ਪਿੰਡ ਦੇ ਕਿਸੇ ਵਿਅਕਤੀ ਨੇ ਅਜਿਹੀ ਸ਼ਿਕਾਇਤ ਨਹੀਂ ਕੀਤੀ। ਸ਼੍ਰੀ ਅਮੋਲਕ ਸਿੰਘ ਗਾਖਲ ਨੇ ਅਮਰੀਕਾ ਤੋਂ ਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਬੜੇ ਚਾਅ ਨਾਲ ਪਿੰਡ ਦੇ ਵਿਕਾਸ ਲਈ ਵੱਡੀ ਰਕਮ ਖਰਚਦੇ ਹਾਂ ਪਰ ਸਰਕਾਰੀ ਤੰਤਰ ਮਦਦਗਾਰ ਹੋਣ ਦੀ ਥਾਂ ਸਾਨੂੰ ਹੀ ਕੰਮ ਬੰਦ ਕਰਨ ਦੇ ਨੋਟਿਸ ਜਾਰੀ ਕਰਨ ‘ਤੇ ਉਤਰ ਆਇਆ ਹੈ। ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆ ਗਿਆ ਹੈ ਤੇ ਇਸ ਮਾਮਲੇ ਦੀ ਪੜਤਾਲ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪਰਿਵਾਰ ਵਲੋਂ ਨੇਕ ਨੀਅਤੀ ਨਾਲ ਕਰਵਾਏ ਕੰਮ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਕੋਈ ਤਕਨੀਕੀ ਰੁਕਾਵਟ ਹੋਵੇਗੀ, ਉਹ ਵੀ ਦੂਰ ਕਰ ਦਿੱਤੀ ਜਾਵੇਗੀ।