ਕੈਪਟਨ ਵੱਲੋਂ ਭਾਜਪਾ ਲਈ ਸਿਆਸੀ ਜ਼ਮੀਨ ਹਾਸਲ ਕਰਨ ਲਈ ਰਣਨੀਤੀ ਤਿਆਰ ਕਰਨੀ ਸ਼ੁਰੂ

25
Share

ਚੰਡੀਗੜ੍ਹ, 22 ਸਤੰਬਰ (ਪੰਜਾਬ ਮੇਲ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ’ਚ ਸ਼ਾਮਲ ਕਰਵਾਉਣ ਮਗਰੋਂ ਪਾਰਟੀ ਵੱਲੋਂ ਪੰਜਾਬ ’ਚ ਸਿਆਸੀ ਜ਼ਮੀਨ ਹਾਸਲ ਕਰਨ ਲਈ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਭਾਜਪਾ ਜਿਸ ਰਣਨੀਤੀ ਤਹਿਤ ਅੱਗੇ ਵਧਣਾ ਚਾਹੁੰਦੀ ਹੈ, ਉਸ ਅਨੁਸਾਰ ਉਹ ਕੈਪਟਨ ਦੇ ਸਹਾਰੇ ਕਿਸਾਨਾਂ ਤੱਕ ਪਹੁੰਚ ਬਣਾਉਣ ਦੀ ਤਿਆਰੀ ਵਿਚ ਜੁਟੀ ਦੱਸੀ ਜਾ ਰਹੀ ਹੈ। ਭਾਵੇਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ਦਾ ਵੱਡਾ ਸਿੱਖ ਚਿਹਰਾ ਹਨ ਪਰ ਕੈਪਟਨ ਲਈ ਪੰਜਾਬ ਵਿਚ ਭਾਜਪਾ ਦਾ ਸਿਆਸੀ ਕਿਲ੍ਹਾ ਫ਼ਤਿਹ ਕਰਨਾ ਇੰਨਾ ਆਸਾਨ ਕੰਮ ਨਹੀਂ ਸਗੋਂ ਇਕ ਵੱਡੀ ਚੁਣੌਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਭਾਜਪਾ ਦਾ ਆਧਾਰ ਮਜ਼ਬੂਤ ਕਰਨ ਲਈ ਕੈਪਟਨ ਨਾਲ ਭਾਜਪਾ ਲੀਡਰਸ਼ਿਪ ਵਲੋਂ ਲਗਾਤਾਰ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਕੈਪਟਨ ਵਲੋਂ ਪਿੱਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀਆਂ ਮੁਲਾਕਾਤਾਂ ਵਿਚ ਵੀ ਇਸੇ ਮੁੱਦੇ ’ਤੇ ਮੁੱਖ ਤੌਰ ਉੱਤੇ ਚਰਚਾ ਹੋਈ ਦੱਸੀ ਜਾ ਰਹੀ ਹੈ। ਪੰਜਾਬ ਭਾਜਪਾ ਕੋਲ ਸਭ ਤੋਂ ਵੱਡੀ ਦਿੱਕਤ ਪੰਜਾਬ ਵਿਚ ਲੀਡਰਸ਼ਿਪ, ਵੱਡੇ ਸਿੱਖ ਚਿਹਰੇ ਅਤੇ ਵਰਕਰ ਕਾਡਰ ਦੀ ਘਾਟ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਲੰਬੇ ਸਮੇਂ ਤੋਂ ਪੰਜਾਬ ਵਿਚ ਅਹੁਦੇ ਲੈ ਕੇ ਬੈਠੇ ਵੱਡੇ ਆਗੂ ਵਰਕਰ ਕਾਡਰ ਵਧਾਉਣ ਵਿਚ ਕਾਮਯਾਬ ਨਹੀਂ ਹੋ ਸਕੇ, ਜਿਸ ਕਾਰਨ ਭਾਜਪਾ ਵਲੋਂ ਪੰਜਾਬ ਦੇ ਜਥੇਬੰਦਕ ਢਾਂਚੇ ਵਿਚ ਤਬਦੀਲੀ ਦੀ ਤਿਆਰੀ ਲਗਪਗ ਕਰ ਲਈ ਗਈ ਦੱਸੀ ਜਾ ਰਹੀ ਹੈ।
ਪਾਰਟੀ ਸੂਤਰਾਂ ਅਨੁਸਾਰ ਜਥੇਬੰਦਕ ਢਾਂਚੇ ’ਚ ਕੀਤੀ ਜਾ ਰਹੀ ਤਬਦੀਲੀ ਨੂੰ ਲੈ ਕੇ ਕੇਂਦਰੀ ਲੀਡਰਸ਼ਿਪ ਵੱਲੋਂ ਕੈਪਟਨ ਨੂੰ ਭਰੋਸੇ ਵਿਚ ਲੈ ਕੇ ਫ਼ੈਸਲਾ ਲਿਆ ਜਾਵੇਗਾ। ਭਾਜਪਾ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਪੰਜਾਬ ਵਿਚ ਸਿਆਸੀ ਕਿਲ੍ਹਾ ਫ਼ਤਿਹ ਕਰਨ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਵੱਡੇ ਸਿੱਖ ਚਿਹਰੇ ਦੀ ਲੋੜ ਹੈ ਅਤੇ ਇਸ ਘਾਟ ਨੂੰ ਭਾਜਪਾ ਵੱਲੋਂ ਕੈਪਟਨ ਨੂੰ ਪਾਰਟੀ ’ਚ ਸ਼ਾਮਲ ਕਰਵਾ ਕੇ ਪੂਰਾ ਕਰ ਵੀ ਲਿਆ ਗਿਆ ਪਰ ਇਕੱਲੇ ਕੈਪਟਨ ਸਹਾਰੇ ਪੰਜਾਬ ਦਾ ਸਿਆਸੀ ਕਿਲ੍ਹਾ ਫ਼ਤਿਹ ਕਰਨਾ ਭਾਜਪਾ ਲਈ ਸੌਖਾ ਕੰਮ ਨਹੀਂ, ਇਸ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਵੱਡੇ ਹਿੰਦੂ ਚਿਹਰੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਭਾਜਪਾ ਵੱਲੋਂ ਪਾਰਟੀ ’ਚ ਸ਼ਾਮਲ ਕਰਵਾਇਆ ਗਿਆ ਹੈ ਅਤੇ ਹੁਣ ਭਾਜਪਾ ਵੱਲੋਂ ਇਹ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਕਿ ਇਹ ਦੋਵੇਂ ਵੱਡੇ ਸਿੱਖ ਅਤੇ ਹਿੰਦੂ ਚਿਹਰੇ ਪੰਜਾਬ ਵਿਚ ਮਿਲ ਕੇ ਕੰਮ ਕਰਨ ਤਾਂ ਪਾਰਟੀ ਦਾ ਆਧਾਰ ਮਜ਼ਬੂਤ ਹੋ ਸਕੇਗਾ।

Share