ਕੈਪਟਨ ਵੱਲੋਂ ਬਣਾਈ ਜਾ ਰਹੀ ਪਾਰਟੀ ਨਾਲ ਕੋਈ ਸਬੰਧ ਨਹੀਂ ਰੱਖਿਆ ਜਾਵੇਗਾ : ਢੀਂਡਸਾ

187
Share

ਸੰਗਰੂਰ, 27 ਅਕਤੂਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ਨੂੰ ਵੇਖਦਿਆਂ ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ, ਸਗੋਂ ਗਠਜੋੜ ਦੀ ਸਰਕਾਰ ਬਣੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਜਾ ਰਹੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਰੱਖਿਆ ਜਾਵੇਗਾ ਕਿਉਂਕਿ ਕੈਪਟਨ ਨੇ ਮੋਦੀ ਸਰਕਾਰ ਵਲੋਂ ਪੰਜਾਬ ’ਚ ਬੀ.ਐੱਸ.ਐੱਫ. ਦਾ ਘੇਰਾ ਵਧਾਉਣ ਦਾ ਸਮਰਥਨ ਕੀਤਾ ਹੈ, ਜੋ ਪੰਜਾਬ ਦੇ ਹਿਤਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਉਮੀਦਵਾਰ ਹੀ ਨਹੀਂ ਮਿਲ ਰਹੇ। ਮਲੇਰਕੋਟਲਾ ਹਲਕੇ ਤੋਂ ਜਿਸ ਉਮੀਦਵਾਰ ਨੂੰ ਪਹਿਲਾਂ ਟਿਕਟ ਦਿੱਤੀ ਗਈ ਸੀ, ਉਸ ਨੇ ਚੋਣ ਲੜਨ ਤੋਂ ਜਵਾਬ ਦੇ ਦਿੱਤਾ ਤੇ ਉਸ ਤੋਂ ਬਾਅਦ ਜਿਸ ਨੂੰ ਉਮੀਦਵਾਰ ਐਲਾਨਿਆ ਗਿਆ, ਉਸ ਨੂੰ ਅਕਾਲੀ ਵਰਕਰਾਂ ਨੇ ਨਕਾਰ ਦਿੱਤਾ। ਇਹੋ ਹਾਲ ਪੰਜਾਬ ਦੇ ਹੋਰ ਕਈ ਹਲਕਿਆਂ ’ਚ ਹੋਣਾ ਹੈ। ਨਤੀਜੇ ਵਜੋਂ ਅਕਾਲੀ ਦਲ (ਬ) ਦੇ ਬਹੁਤ ਸਾਰੇ ਆਗੂ ਬਗ਼ਾਵਤ ਕਰ ਕੇ ਪਾਰਟੀ ਤੋਂ ਕਿਨਾਰਾ ਕਰ ਲੈਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਸ) 50 ਸੀਟਾਂ ’ਤੇ ਚੋਣ ਲੜੇਗਾ ਤੇ ਬਹੁਤ ਸਾਰੀਆਂ ਪਾਰਟੀਆਂ ਸਾਡੇ ਨਾਲ ਆਉਣਾ ਚਾਹੁੰਦੀਆਂ ਹਨ, ਇਸ ਲਈ ਬਾਕੀ ਸੀਟਾਂ ’ਤੇ ਦੂਸਰੀਆਂ ਹਮਖ਼ਿਆਲੀ ਪਾਰਟੀਆਂ ਜਾਂ ਗਰੁੱਪਾਂ ਨਾਲ ਤਾਲਮੇਲ ਕੀਤਾ ਜਾਵੇਗਾ।

Share