ਕੈਪਟਨ ਵੱਲੋਂ ਪੰਜਾਬ ‘ਚ ਕਰੋਨਾ ਮਹਾਂਮਾਰੀ ਦੇ ਦੂਜੇ ਸੰਭਾਵੀ ਹੱਲੇ ਦੀ ਚੇਤਾਵਨੀ

479
Share

-ਸਿਹਤ ਸਹੂਲਤਾਂ ਪੱਖੋਂ ਸੂਬਾ ਪੂਰੀ ਤਰ੍ਹਾਂ ਤਿਆਰ ਹੋਣ ਦਾ ਦਾਅਵਾ
-ਕੋਵਿਡ ਸੰਕਟ ਦੇ ਟਾਰਕੇ ਲਈ ਦਿੱਲੀ ਨੂੰ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ
ਚੰਡੀਗੜ੍ਹ, 21 ਨਵੰਬਰ (ਪੰਜਾਬ ਮੇਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਰਾਜਧਾਨੀ ‘ਚ ਕੋਵਿਡ-19 ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਦਿੱਲੀ ਨੂੰ ਇਸ ਸੰਕਟ ਦੇ ਟਾਕਰੇ ਲਈ ਹਰ ਸੰਭਵ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਦੂਜੇ ਸੰਭਾਵੀ ਹੱਲੇ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਸਿਹਤ ਸਹੂਲਤਾਂ ਪੱਖੋਂ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਸੂਬੇ ਵਿਚ ਕਰੋਨਾ ਮਹਾਮਾਰੀ ਨੂੰ ਠੱਲ੍ਹਣ ਲਈ ਡਾਕਟਰਾਂ ਤੇ ਸਿਹਤ ਸੰਭਾਲ ‘ਚ ਲੱਗੇ ਕਾਮਿਆਂ ਤੇ ਮੂਹਰਲੀਆਂ ਸਫ਼ਾਂ ‘ਚ ਕੰਮ ਕਰ ਰਹੇ ਹੋਰਨਾਂ ਵਰਕਰਾਂ ਵੱਲੋਂ ਕੀਤੇ ਯਤਨਾਂ ਦੀ ਤਾਰੀਫ਼ ਕੀਤੀ। ਮੁੱਖ ਮੰਤਰੀ ਨੇ ਡਾਕਟਰਾਂ ਤੇ ਸਿਹਤ ਕਾਮਿਆਂ ਨੂੰ ਵਰਚੂਅਲ ਕਾਨਫਰੰਸ ਜ਼ਰੀਏ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਕੋਵਿਡ ਲਈ ਵੈਕਸੀਨ ਨਹੀਂ ਆ ਜਾਂਦੀ ‘ਮਾਸਕ ਹੀ ਵੈਕਸੀਨ ਹੈ।’ ਸੂਬੇ ‘ਚ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਵਰਚੂਅਲੀ ਉਦਘਾਟਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਕੇਂਦਰਾਂ ਦੇ ਸ਼ੁਰੂ ਹੋਣ ਨਾਲ ਸ਼ਹਿਰਾਂ ਤੇ ਪਿੰਡਾਂ ਵਿਚ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੱਕ ਸਿਹਤ ਸੇਵਾਵਾਂ ਮਿਲਣਗੀਆਂ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੱਧੂ ਵੀ ਮੌਜੂਦ ਸਨ।


Share