ਕੈਪਟਨ ਵੱਲੋਂ ਨਾਰਾਜ਼ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਸਾਧਣ ਲਈ ਨਵਾਂ ਪੈਂਤੜਾ

104
Share

-ਇਕ ਸੰਸਦ ਮੈਂਬਰ ਦੇ ਭਤੀਜੇ ਤੇ ਇਕ ਵਿਧਾਇਕ ਦੇ ਪੁੱਤਰ ਨੂੰ ਦਿੱਤੇ ਵੱਡੇ ਅਹੁਦੇ
ਚੰਡੀਗੜ੍ਹ, 1 ਜੂਨ (ਪੰਜਾਬ ਮੇਲ)- ਨਾਰਾਜ਼ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਸਾਧਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਾਂ ਪਾਸਾ ਸੁੱਟਿਆ ਹੈ। ਉਨ੍ਹਾਂ ਇਕ ਸੰਸਦ ਮੈਂਬਰ ਦੇ ਭਤੀਜੇ ਨੂੰ ਸਿੱਧੇ ਡੀ.ਐੱਸ.ਪੀ. ਭਰਤੀ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮਾਝੇ ਨਾਲ ਸਬੰਧਿਤ ਇਸ ਸੰਸਦ ਮੈਂਬਰ ਨੇ ਲੰਬੇ ਅਰਸੇ ਤੋਂ ਕੈਪਟਨ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਇਕ ਸਾਥੀ ਸੰਸਦ ਮੈਂਬਰ ਨੂੰ ਲੈ ਕੇ ਉਹ ਕਈ ਵਾਰ ਕੈਪਟਨ ’ਤੇ ਨਿਸ਼ਾਨਾ ਸਾਧ ਚੁੱਕੇ ਹਨ ਪਰ ਹੁਣ ਉਹ ਤਿੱਖੇ ਵਾਰ ਕਰਨ ਦੀ ਬਜਾਏ ਮੁੱਖ ਮੰਤਰੀ ਨੂੰ ਨਸੀਹਤ ਵਾਲੇ ਬਿਆਨਾਂ ’ਤੇ ਆ ਗਏ ਹਨ। ਸੂਤਰਾਂ ਮੁਤਾਬਕ ਉਕਤ ਸੰਸਦ ਮੈਂਬਰ ਦੇ ਭਤੀਜੇ ਨੂੰ ਸਿੱਧਾ ਡੀ.ਐੱਸ.ਪੀ. ਭਰਤੀ ਕਰਨ ਦੀ ਫਾਈਲ ’ਤੇ ਮੁੱਖ ਮੰਤਰੀ ਨੇ ਦਸਤਖ਼ਤ ਕਰ ਦਿੱਤੇ ਹਨ। ਇਸ ਨੂੰ ਅਗਲੀ ਕੈਬਨਿਟ ਬੈਠਕ ਦੇ ਏਜੰਡੇ ’ਚ ਸ਼ਾਮਲ ਕੀਤਾ ਗਿਆ ਹੈ ਅਤੇ ਮਨਜ਼ੂਰੀ ਮਿਲੀ ਤਾਂ ਸੰਸਦ ਮੈਂਬਰ ਦਾ ਭਤੀਜਾ ਡੀ.ਐੱਸ.ਪੀ. ਦੇ ਅਹੁਦੇ ’ਤੇ ਸੇਵਾਵਾਂ ਦਿੰਦਾ ਮਿਲੇਗਾ।
ਇੰਨਾ ਹੀ ਨਹੀਂ, ਲੁਧਿਆਣਾ ਜ਼ਿਲ੍ਹੇ ਦੇ ਹੀ ਪਾਰਟੀ ਵਿਧਾਇਕ ਦੇ ਪੁੱਤਰ ਨੂੰ ਵੀ ਸਿੱਧੇ ਤਹਿਸੀਲਦਾਰ ਨਿਯੁਕਤ ਕੀਤਾ ਜਾ ਰਿਹਾ ਹੈ। ਕਈ ਵਾਰ ਜਿੱਤਣ ਦੇ ਬਾਵਜੂਦ ਉਹ ਸੀਨੀਅਰ ਹੁੰਦੇ ਹੋਏ ਵੀ ਕੈਪਟਨ ਅਮਰਿੰਦਰ ਸਰਕਾਰ ’ਚ ਮੰਤਰੀ ਨਹੀਂ ਬਣ ਸਕੇ ਹਨ। ਇਸ ਪਿੱਛੇ ਕਾਰਣ ਇਹ ਰਿਹਾ ਹੈ ਕਿ ਉਹ ਅਮਰਿੰਦਰ ਦੀ ਸਾਬਕਾ ਸਰਕਾਰ ਦੇ ਸਮੇਂ ਵਿਰੋਧੀ ਖੇਮੇ ਦੇ ਪ੍ਰਮੁੱਖ ਆਗੂਆਂ ’ਚ ਗਿਣੇ ਜਾਂਦੇ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਧੜੇ ਦੇ ਮੁਖੀ ਚਾਹੇ ਅਮਰਿੰਦਰ ਨਾਲ ਸਮਝੌਤਾ ਕਰਕੇ ਇਸ ਸਮੇਂ ਸੱਤਾ ਸੁੱਖ ਭੋਗ ਰਹੇ ਹੋਣ ਪਰ ਕੈਪਟਨ ਅਮਰਿੰਦਰ ਹੁਣ ਤੱਕ ਇਸ ਵਿਧਾਇਕ ਤੋਂ ਖਫ਼ਾ ਹੀ ਚੱਲੇ ਆ ਰਹੇ ਸਨ। ਸਮੇਂ ਦੀ ਨਜ਼ਾਕਤ ਨੂੰ ਭਾਂਪਦਿਆਂ ਇਹ ਵਿਧਾਇਕ ਹੁਣ ਹਾਲ ਹੀ ਵਿਚ ਨਾਰਾਜ਼ ਆਗੂਆਂ ਦੇ ਖੇਮੇ ਤੋਂ ਦੂਰੀ ਬਣਾ ਕੇ ਬੈਠਾ ਹੈ। ਕੈਪਟਨ ਵਿਰੋਧੀ ਕੋਈ ਬਿਆਨ ਵੀ ਉਹ ਨਹੀਂ ਦਾਗ ਰਿਹਾ।
ਅਜਿਹੇ ਵਿਚ ਅਮਰਿੰਦਰ ਨੇ ਵੀ ਹੱਥ ਵਧਾਇਆ ਅਤੇ ਉਸ ਦੇ ਪੁੱਤਰ ਨੂੰ ਸਿੱਧੇ ਤਹਿਸੀਲਦਾਰ ਭਰਤੀ ਕਰ ਲਿਆ। ਧਿਆਨਯੋਗ ਹੈ ਕਿ ਠਾਠ ਦੀ ਨੌਕਰੀ ਪਾਉਣ ਵਾਲੇ ਦੋਵਾਂ ਉਮੀਦਵਾਰਾਂ ਦੇ ਦਾਦੇ 1987 ’ਚ ਅੱਤਵਾਦ ਦਾ ਸ਼ਿਕਾਰ ਹੋਏ ਸਨ। ਅਜਿਹੇ ’ਚ ਕਰੀਬ 34 ਸਾਲਾਂ ਬਾਅਦ ਅੱਤਵਾਦ ਪੀੜਤ ਆਸ਼ਰਿਤਾਂ ਦੇ ਕੋਟੇ ਤੋਂ ਉਨ੍ਹਾਂ ਨੂੰ ਹੁਣ ਕਾਂਗਰਸ ਸਰਕਾਰ ਵਿਚ ਨੌਕਰੀ ਦਿੱਤੀ ਜਾ ਰਹੀ ਹੈ।
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਜਦੋਂ ਕੈਪਟਨ ਅਮਰਿੰਦਰ ਨੇ ਕਿਸੇ ਨੂੰ ਸਿੱਧੇ ਅਜਿਹੇ ਉੱਚ ਅਹੁਦੇ ’ਤੇ ਭਰਤੀ ਕੀਤਾ ਹੋਵੇ। 2017 ’ਚ ਸਰਕਾਰ ਬਣੇ ਅਜੇ ਦੋ ਮਹੀਨੇ ਹੀ ਹੋਏ ਸਨ ਕਿ ਕੈਪਟਨ ਨੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪੋਤੇ ਗੁਰਇਕਬਾਲ ਸਿੰਘ ਨੂੰ ਡੀ.ਐੱਸ.ਪੀ. ਦੇ ਅਹੁਦੇ ’ਤੇ ਨਿਯੁਕਤ ਕਰ ਦਿੱਤਾ ਸੀ। ਗੁਰਇਕਬਾਲ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਭਰਾ ਅਤੇ ਵਿਧਾਇਕ ਗੁਰਕੀਰਤ ਕੋਟਲੀ ਦੇ ਚਚੇਰੇ ਭਰਾ ਹਨ। ਉਨ੍ਹਾਂ ਦੀ ਨਿਯੁਕਤੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਚੁਣੌਤੀ ਦਿੱਤੀ ਗਈ ਸੀ, ਜਿਸ ਦੀ ਸੁਣਵਾਈ ਅਜੇ ਪੈਂਡਿੰਗ ਹੈ ਕਿਉਂਕਿ ਹਾਈਕੋਰਟ ਪਿਛਲੇ ਸਾਲਾਂ ਤੋਂ ਸਰਵਿਸ ਮੈਟਰ ’ਤੇ ਸੁਣਵਾਈ ਨਹੀਂ ਕਰ ਰਿਹਾ ਹੈ। ਪਟੀਸ਼ਨ ’ਚ ਕਿਹਾ ਸੀ ਕਿ ਡੀ.ਐੱਸ.ਪੀ. ਦੇ ਅਹੁਦੇ ’ਤੇ ਸਿੱਧੇ ਨਿਯੁਕਤੀ ਲਈ ਵੱਧ ਤੋਂ ਵੱਧ ਉਮਰ 28 ਸਾਲ ਹੋਣੀ ਚਾਹੀਦੀ ਹੈ, ਜਦੋਂਕਿ ਗੁਰਇਕਬਾਲ ਸਿੰਘ ਉਸ ਸਮੇਂ ਕਰੀਬ 29 ਸਾਲ ਦੇ ਸਨ। ਇੰਨਾ ਹੀ ਨਹੀਂ, ਅੱਤਵਾਦ ਦੌਰਾਨ ਹੋਏ ਬੇਅੰਤ ਸਿੰਘ ਦੇ ਕਤਲ ਦੇ 20 ਸਾਲ ਬਾਅਦ ਇਹ ਨਿਯੁਕਤੀ ਕੀਤੀ ਗਈ। ਪਟੀਸ਼ਨਰ ਦਾ ਕਹਿਣਾ ਸੀ ਕਿ ਤਰਸ ਦੇ ਆਧਾਰ ’ਤੇ ਨੌਕਰੀ ਲੋੜਵੰਦ ਨੂੰ ਹੀ ਦਿੱਤੀ ਜਾ ਸਕਦੀ ਹੈ, ਜਦੋਂਕਿ ਇਸ ਮਾਮਲੇ ਵਿਚ ਉਸਦੇ ਪਰਿਵਾਰ ਦੇ ਮੈਂਬਰ ਸੰਸਦ ਮੈਂਬਰ ਅਤੇ ਵਿਧਾਇਕ ਹੀ ਨਹੀਂ, ਸਗੋਂ ਉਨ੍ਹਾਂ ਦਾ ਪਰਿਵਾਰ ਵੀ ਕਾਫ਼ੀ ਸਮਰੱਥ ਹੈ।

Share