ਕੈਪਟਨ ਵੱਲੋਂ ਕੇਂਦਰ ਨੂੰ ਕਿਸਾਨ ਜਥੇਬੰਦੀਆਂ ਦੇ ਐਲਾਨ ਮਗਰੋਂ ਫਰਾਖਦਿਲੀ ਦਿਖਾਉਣ ਦੀ ਅਪੀਲ

443
Share

-ਪੰਜਾਬ ‘ਚ ਰੇਲ ਸੇਵਾਵਾਂ ਬਹਾਲ ਕਰਨ ਦੀ ਕੇਂਦਰ ਨੂੰ ਅਪੀਲ
ਚੰਡੀਗੜ੍ਹ, 21 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਵੱਲੋਂ 23 ਨਵੰਬਰ ਤੋਂ ਸੂਬੇ ਵਿੱਚ ਮਾਲ ਗੱਡੀਆਂ ਦੇ ਨਾਲ ਮੁਸਾਫ਼ਰ ਗੱਡੀਆਂ ਚੱਲਣ ਦੇਣ ਦੇ ਕੀਤੇ ਐਲਾਨ ਪ੍ਰਤੀ ਫ਼ਰਾਖ਼ਦਿਲੀ ਵਿਖਾਉਂਦਿਆਂ ਰੇਲ ਸੇਵਾਵਾਂ ਨੂੰ ਬਹਾਲ ਕਰੇ। ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਦੀ ਇਸ ਪੇਸ਼ਕਦਮੀ ਨਾਲ ਦੋ ਮਹੀਨਿਆਂ ਤੋਂ ਬਣਿਆ ਸੰਕਟ ਖ਼ਤਮ ਹੋ ਜਾਵੇਗਾ। ਕੈਪਟਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਬਾਬਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ। ਕੈਪਟਨ ਨੇ ਕਿਹਾ, ‘ਆਓ ਅਸੀਂ ਮਿਲ ਕੇ ਕੇਂਦਰ ‘ਤੇ ਦਬਾਅ ਪਾਈਏ, ਤਾਂ ਕਿ ਉਹ ਕੇਂਦਰੀ ਖੇਤੀ ਕਾਨੂੰਨਾਂ ਬਾਰੇ ਸਾਡੇ ਨਜ਼ਰੀਏ ਤੇ ਇਸ ਗੱਲ ਨੂੰ ਸਮਝ ਸਕਣ ਕਿ ਕਿਵੇਂ ਇਹ (ਕਾਨੂੰਨ) ਪੰਜਾਬ ਨੂੰ ਤਬਾਹ ਕਰ ਦੇਣਗੇ। ਕੈਪਟਨ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਕੀਤੀ ਮੀਟਿੰਗ ਦੌਰਾਨ ਕਿਹਾ, ‘ਮੈਂ ਇਸ ਲੜਾਈ ਵਿਚ ਕਿਸਾਨਾਂ ਦੇ ਨਾਲ ਹਾਂ। ਸਾਡੇ ਸਾਰਿਆਂ ਦੀਆਂ ਰਗਾਂ ਵਿਚ ਕਿਸਾਨੀ ਖ਼ੂਨ ਹੈ।’ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਗੰਨੇ ਦੀ ਫ਼ਸਲ ਦਾ ਭਾਅ ਵਧਾਉਣ ਤੇ ਬਕਾਇਆਂ ਦੀ ਅਦਾਇਗੀ ਦੇ ਨਾਲ ਪਰਾਲੀ ਸਾੜਨ ਨਾਲ ਸਬੰਧਤ ਕੇਸਾਂ ਨੂੰ ਰੱਦ ਕਰਨ ਜਿਹੀਆਂ ਮੰਗਾਂ ‘ਤੇ ਗੌਰ ਕਰਨਗੇ।


Share