ਕੈਪਟਨ ਵੱਲੋਂ ਆਪਣੀ ਚੋਣ ਰਣਨੀਤੀ ਦੀ ਰੂਪ-ਰੇਖਾ ਦੀ ਤਿਆਰੀ ਤਹਿਤ ਤਰਜ਼ੀਹਾਂ ਨਿਰਧਾਰਿਤ

350
Share

-ਮੁੱਖ ਮੰਤਰੀ ਵੱਲੋਂ ਹਰ ਹਫ਼ਤੇ ਘੱਟੋ-ਘੱਟ ਇਕ ਤੋਂ ਦੋ ਜ਼ਿਲ੍ਹਿਆਂ ਦੇ ਦੌਰੇ ਕੀਤੇ ਜਾਣਗੇ
ਜਲੰਧਰ/ਚੰਡੀਗੜ੍ਹ, 12 ਸਤੰਬਰ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਆਪਣੀ ਚੋਣ ਰਣਨੀਤੀ ਦੀ ਰੂਪ-ਰੇਖਾ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਉਨ੍ਹਾਂ ਨੇ ਆਪਣੀਆਂ ਤਰਜ਼ੀਹਾਂ ਨਿਰਧਾਰਿਤ ਕਰ ਦਿੱਤੀਆਂ ਹਨ। ਕੈਪਟਨ ਅਮਰਿੰਦਰ ਦੀ ਬਦਲੀ ਰਣਨੀਤੀ ਦੇ ਤਹਿਤ ਸਭ ਤੋਂ ਪਹਿਲਾਂ ਉਨ੍ਹਾਂ ਨੇ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਪਾਰਟੀ ਨੇਤਾਵਾਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਕੀਤਾ ਅਤੇ ਹੁਣ ਦੂਜੇ ਪੜਾਅ ’ਚ ਮੁੱਖ ਮੰਤਰੀ ਵੱਲੋਂ ਜ਼ਿਲ੍ਹਿਆਂ ਦੇ ਦੌਰੇ ਸ਼ੁਰੂ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਵੱਲੋਂ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਦੌਰਾ ਅਗਲੇ ਹਫ਼ਤੇ ਕੀਤਾ ਜਾਵੇਗਾ, ਜਿਸ ਦੌਰਾਨ ਵੱਖ-ਵੱਖ ਸਰਕਾਰੀ ਪ੍ਰਾਜੈਕਟਾਂ ਦੇ ਉਦਘਾਟਨ ਦੇ ਨਾਲ-ਨਾਲ ਉਹ ਕਾਂਗਰਸ ਦੇ ਚੁਣੇ ਹੋਏ ਪ੍ਰਤੀਨਿਧੀਆਂ ਅਤੇ ਪਾਰਟੀ ਆਗੂਆਂ ਨੂੰ ਵੀ ਮਿਲਣਗੇ। ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ਤੋਂ ਬਾਅਦ ਆਪਣੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੂੰ ਹੋਰ ਜ਼ਿਲ੍ਹਿਆਂ ਦੇ ਦੌਰਿਆਂ ਦੀ ਰੂਪ-ਰੇਖਾ ਤਿਆਰ ਕਰਨ ਦੇ ਵੀ ਨਿਰਦੇਸ਼ ਦੇ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਹਰ ਹਫ਼ਤੇ ਮੁੱਖ ਮੰਤਰੀ ਵੱਲੋਂ ਘੱਟੋ-ਘੱਟ ਇਕ ਤੋਂ ਦੋ ਜ਼ਿਲ੍ਹਿਆਂ ਦੇ ਦੌਰੇ ਕੀਤੇ ਜਾਣਗੇ।
ਇਸ ਨਾਲ ਜਿੱਥੇ ਕਾਂਗਰਸੀ ਆਗੂਆਂ ਨੂੰ ਸਥਾਨਕ ਪੱਧਰ ’ਤੇ ਉਤਸ਼ਾਹ ਵਧੇਗਾ, ਉੱਥੇ ਹੀ ਬਿਊਰੋਕ੍ਰੇਸੀ ’ਚ ਵੀ ਤੇਜ਼ੀ ਦਾ ਰੁਖ਼ ਦੇਖਣ ਨੂੰ ਮਿਲੇਗਾ। ਚੰਡੀਗੜ੍ਹ ’ਚ ਤਾਂ ਮੁੱਖ ਮੰਤਰੀ ਲਗਾਤਾਰ ਰੋਜ਼ਾਨਾ ਸਰਕਾਰੀ ਬੈਠਕਾਂ ’ਚ ਹਿੱਸਾ ਲੈ ਰਹੇ ਹਨ ਪਰ ਕਾਂਗਰਸ ਦੇ ਚੁਣੇ ਹੋਏ ਪ੍ਰਤੀਨਿਧੀਆਂ ਵੱਲੋਂ ਇਹ ਆਵਾਜ਼ ਆਈ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿਲ੍ਹੇ ਦੇ ਦੌਰੇ ਸ਼ੁਰੂ ਕਰ ਦੇਣੇ ਚਾਹੀਦੇ ਹਨ।
ਮੁੱਖ ਮੰਤਰੀ ਦੇ ਨਜ਼ਦੀਕੀ ਆਗੂਆਂ ਨੇ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਨਾਲ ਸੰਬੰਧ ਰੱਖਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਿਹਾ ਗਿਆ ਹੈ ਕਿ ਉਹ ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਆਪਣੀਆਂ-ਆਪਣੀਆਂ ਤਿਆਰੀਆਂ ਸ਼ੁਰੂ ਕਰਨ। ਮੁੱਖ ਮੰਤਰੀ ਅਜਿਹਾ ਕਰਕੇ ਇਕ ਤਾਂ ਕਾਂਗਰਸ ਨੂੰ ਐਕਟਿਵ ਕਰਨਗੇ ਅਤੇ ਨਾਲ ਹੀ ਉਨ੍ਹਾਂ ਨੇਤਾਵਾਂ ਨੂੰ ਵੀ ਜਵਾਬ ਦੇ ਦੇਣਗੇ, ਜੋ ਮੁੱਖ ਮੰਤਰੀ ਦੇ ਖ਼ਿਲਾਫ਼ ਇਹ ਪ੍ਰਚਾਰ ਕਰ ਰਹੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਤੋਂ ਬਾਹਰ ਘੱਟ ਨਿਕਲਦੇ ਹਨ।

Share