ਕੈਪਟਨ ਵੱਲੋਂ ਅਮਰੀਕਾ ਦੀ ਕਲੀਵਲੈਂਡ ਕਲੀਨਿਕ ਤੇ ਸੀ.ਐੱਮ.ਸੀ. ਲੁਧਿਆਣਾ ਦਰਮਿਆਨ ਟੈਲੀਮੈਡੀਸਨ ਦੀ ਸ਼ੁਰੂਆਤ

732

ਚੰਡੀਗੜ੍ਹ, 18 ਮਈ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀ.ਐੱਮ.ਸੀ.) ਲੁਧਿਆਣਾ ਅਤੇ ਅਮਰੀਕਾ ਦੀ ਕਲੀਵਲੈਂਡ ਕਲੀਨਿਕ ਲਈ ਅਧਿਕਾਰਤ ਤੌਰ ਉਤੇ ਵੀਡਿਓ ਕੰਸਲਟੇਸ਼ਨ ਲਈ ਸਹੂਲਤ ਦੇਣ ਵਾਲੀ ਆਈ.ਐੱਮ.ਏ.ਐੱਸ. ਹੈਲਥਕੇਅਰ ਪ੍ਰਾਈਵੇਟ ਲਿਮਟਿਡ ਦਰਮਿਆਨ ਭਾਈਵਾਲੀ ਵਾਲੇ ਸਾਂਝੇ ਟੈਲੀਮੈਡੀਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਕਲੀਵਲੈਂਡ ਕਲੀਨਿਕ ਕੋਵਿਡ ਅਤੇ ਹੋਰ ਮੈਡੀਕਲ ਸਮੱਸਿਆਵਾਂ ਬਾਰੇ ਡਾਕਟਰ ਤੋਂ ਡਾਕਟਰ ਵੀਡਿਓ ਕੰਸਲਟੇਸ਼ਨ ਦੀ ਸਹੂਲਤ ਦੇਵੇਗੀ। ਕਲੀਵਲੈਂਡ ਕਲੀਨਿਕ ਕੌਮਾਂਤਰੀ ਪੱਧਰ ਦੀ ਮਾਨਤਾ ਅਤੇ ਭਰੋਸੇਯੋਗਤਾ ਵਾਲੀ ਸਿਹਤ ਸੰਸਥਾ ਹੈ, ਜਿਸ ਦਾ ਮੁੱਖ ਕੈਂਪਸ ਅਮਰੀਕਾ ਦੇ ਓਹਾਇਓ ਸੂਬੇ ਦੇ ਪ੍ਰਮੁੱਖ ਸ਼ਹਿਰ ਕਲੀਵਲੈਂਡ ‘ਚ 165 ਏਕੜ ਰਕਬੇ ਵਿੱਚ ਸਥਾਪਤ ਹੈ। ਬਾਲਗਾਂ ਅਤੇ ਬੱਚਿਆਂ ਦੇ 6026 ਬਿਸਤਰਿਆਂ ਦੀ ਸਮਰੱਥਾ ਵਾਲੀ ਇਸ ਸੰਸਥਾ ਦੇ 18 ਹਸਪਤਾਲ ਅਤੇ 220 ਓ.ਪੀ.ਡੀ. ਸੈਂਟਰ ਹਨ। ਇਸ ਸੰਸਥਾ ਵੱਲੋਂ ਕੈਂਸਰ, ਦਿਲ ਦੇ ਰੋਗਾਂ, ਦਿਮਾਗੀ ਰੋਗ, ਗ੍ਰੰਥੀਆਂ ਦੇ ਰੋਗ, ਫੇਫੜਿਆਂ ਅਤੇ ਜਨਰਲ ਮੈਡੀਸਨ ਦੇ ਖੇਤਰ ‘ਚ ਟੈਲੀਮੈਡੀਸਨ ਦੀ ਸਹੂਲਤ ਉਪਲਬਧ ਹੈ।
ਉੱਤਰ ਪੱਛਮੀ ਖੇਤਰ ਵਿਚ ਪਿਛਲੇ 125 ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੀ ਸੀ.ਐੱਮ.ਸੀ. ਲੁਧਿਆਣਾ ਦੇ ਯੋਗਦਾਨ ਦੀ ਸਲਾਹਣਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵੀਡਿਓ ਕਾਨਫਰੰਸਿੰਗ ਰਾਹੀਂ ਟੈਲੀਮੈਡੀਸਨ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਕਿਹਾ ਕਿ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਸ ਭਾਈਵਾਲੀ ਨਾਲ ਬਹੁਤ ਜ਼ਿਆਦਾ ਲਾਭ ਹੋਵੇਗਾ। ਉਨ੍ਹਾਂ ਮਾਣ ਨਾਲ ਕਿਹਾ ਕਿ ਡਾਇਰੈਕਟਰ ਡਾ. ਵਿਲੀਅਮ ਭੱਟੀ ਦੀ ਅਗਵਾਈ ਹੇਠ ਸੀ.ਐੱਮ.ਸੀ. ਭਾਰਤ ਦੀ ਪਹਿਲੀ ਅਕਾਦਮਿਕ ਸੰਸਥਾ ਹੈ, ਜਿਸ ਨੇ ਕਲੀਵਲੈਂਡ ਕਲੀਨਿਕ ਦੀ ਆਈ.ਐੱਮ.ਏ.ਐੱਸ. ਨਾਲ ਭਾਈਵਾਲ ਕਾਇਮ ਕੀਤੀ ਹੈ।
ਇਸ ਮੌਕੇ ਕਲੀਵਲੈਂਡ ਕਲੀਨਿਕ ਦੇ ਇੰਟਰਨੈਸ਼ਨਲ ਅਪਰੇਸ਼ਨਜ਼ ਬਾਰੇ ਚੇਅਰਮੈਨ, ਕਰਟਿਸ ਰਿਮਰਮੈਨ ਨੇ ਇਸ ਪਹਿਲਕਦਮੀ ਦੀ ਸਫਲਤਾ ਲਈ ਆਪਣੇ ਭਾਰਤੀ ਹਮਰੁਤਬਾ ਨਾਲ ਪੂਰੇ ਸਮਰਥਨ ਅਤੇ ਇਕਸਾਰਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਇਸ ਉੱਦਮ ਨੂੰ ਸੰਭਵ ਬਣਾਉਣ ਲਈ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਦੀ ਦੂਰਅੰਦੇਸ਼ ਅਗਵਾਈ ਅਤੇ ਉਦਾਰ ਸਮਰਥਨ ਲਈ ਧੰਨਵਾਦ ਕੀਤਾ। ਪ੍ਰੋਗਰਾਮ ਦੇ ਇੰਚਾਰਜ ਨਿਊਰੋਲੋਜੀ ਦੇ ਪ੍ਰਿੰਸੀਪਲ ਅਤੇ ਪ੍ਰੋਫੈਸਰ ਡਾ. ਜਯਰਾਜ ਡੀ ਪਾਂਡਿਆ ਨੇ ਦੱਸਿਆ ਕਿ ਇਹ ਸਾਂਝੇਦਾਰੀ ਰਾਜ ਦੇ ਨਾਗਰਿਕਾਂ ਨੂੰ ਸੀ.ਐੱਮ.ਸੀ. ਦੇ ਲਾਇਸੈਂਸਸ਼ੁਦਾ ਭਾਰਤੀ ਡਾਕਟਰ ਦੁਆਰਾ, ਸਿਹਤ ਸਬੰਧੀ ਗੁੰਝਲਦਾਰ ਸਵਾਲਾਂ ਅਤੇ ਦੁਰਲੱਭ ਰੋਗਾਂ ਲਈ ਨਵੀਨਤਮ ਇਲਾਜ ਦੇ ਵਿਕਲਪਾਂ ਦਾ ਪਤਾ ਲਗਾਉਣ ਦਾ ਮੌਕਾ ਪ੍ਰਦਾਨ ਕਰੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਭਾਰਤ ਦੇ ਲੋਕਾਂ ਨੂੰ ਪੰਜਾਬ ਤੋਂ ਬਾਹਰ ਜਾਏ ਬਿਨਾਂ ਦੋ ਸਨਮਾਨਿਤ ਸੰਗਠਨਾਂ, ਸੀ.ਐੱਮ.ਸੀ. ਅਤੇ ਕਲੀਵਲੈਂਡ ਕਲੀਨਿਕ ਤੋਂ ਡਾਕਟਰੀ ਸਲਾਹ ਲੈ ਕੇ ਸੂਚਿਤ ਡਾਕਟਰੀ ਫੈਸਲੇ ਲੈਣ ਦੇ ਸਮਰੱਥ ਬਣਾਏਗਾ। ਕਲੀਵਲੈਂਡ ਕਲੀਨਿਕ ਇੰਟਰਨੈਸ਼ਨਲ ਅਪ੍ਰੇਸ਼ਨਜ਼ ਦੇ ਕਾਰਜਕਾਰੀ ਨਿਰਦੇਸਕ, ਰੌਬ ਸਟਾਲ ਨੇ ਕਿਹਾ, ”ਅਸੀਂ ਸ਼੍ਰੀ ਗੁਪਤਾ ਅਤੇ ਸੀ.ਐੱਮ.ਸੀ. ਨਾਲ ਸਹਿਯੋਗ ਲਈ ਤਿਆਰ ਹਾਂ। ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਸੀਂ ਡਿਜੀਟਲ ਸਿਹਤ ਦੀ ਮਹੱਤਤਾ ਨੂੰ ਵੇਖ ਚੁੱਕੇ ਹਾਂ, ਹੁਣ ਅਸੀਂ ਇਸ ਸੇਵਾ ਨੂੰ ਭਾਰਤ ਲਿਆ ਸਕਦੇ ਹਾਂ।”
ਹਾਲਾਂਕਿ ਇੱਥੇ ਬਹੁਤ ਸਾਰੀਆਂ ਸੰਸਥਾਵਾਂ ਹਨ, ਜੋ ਅੱਜ ਟੈਲੀਮੇਡੀਸਿਨ ਦੀ ਪੇਸ਼ਕਸ਼ ਕਰਦੀਆਂ ਹਨ, ਕਲੀਵਲੈਂਡ ਕਲੀਨਿਕ ਕਈ ਕਾਰਨਾਂ ਕਰਕੇ, ਭਾਰਤ ਵਿਚ ਆਪਣੀ ਤਰ੍ਹਾਂ ਦੀ ਇਸ ਪਹਿਲੀ ਪਹਿਲਕਦਮੀ ‘ਤੇ ਪੰਜਾਬ ਅਤੇ ਸੀ.ਐੱਮ.ਸੀ. ਨਾਲ ਸਹਿਯੋਗ ਲਈ ਇੱਕ ਆਦਰਸ ਭਾਈਵਾਲ ਹੈ। ਨਿਊਜਵੀਕ ਨੇ ਵਿਸ਼ਵ ਦੇ ਸਰਵਸ੍ਰੇਸ਼ਠ ਹਸਪਤਾਲਾਂ ਸਬੰਧੀ ਆਪਣੇ 2020 ਦੇ ਵਿਸ਼ਲੇਸ਼ਣ ਦੇ ਹਿੱਸੇ ਵਜੋਂ ਕਲੀਵਲੈਂਡ ਕਲੀਨਿਕ ਨੂੰ ਦੁਨੀਆ ਦੇ ਨੰਬਰ 2 ਹਸਪਤਾਲ ਦਾ ਦਰਜਾ ਦਿੱਤਾ ਹੈ ਅਤੇ ਕਿਹਾ ਹੈ ਕਿ ਕਲੀਵਲੈਂਡ ਕਲੀਨਿਕ ਹਮੇਸ਼ਾ ਮਰੀਜ਼ਾਂ ਦੀ ਦੇਖਭਾਲ ‘ਤੇ ਧਿਆਨ ਕੇਂਦਰਤ ਕਰਕੇ ਚਲਦਾ ਹੈ ਅਤੇ ਆਪਣੇ ਇਸ ਮਨੋਰਥ ਨੂੰ ਧਿਆਨ ਵਿਚ ਰੱਖਦਾ ਹੈ: ਮਰੀਜ਼ਾਂ ਦੀ ਦੇਖਭਾਲ ਇਸ ਤਰ੍ਹਾਂ ਕਰੋ ਜਿਵੇਂ ਉਹ ਤੁਹਾਡਾ ਆਪਣਾ ਪਰਿਵਾਰ ਹੋਣ।