-ਕਾਂਗਰਸ ਦਾ ਮੁਖੀ ਬਣਨ ਦੀ ਕੋਸ਼ਿਸ਼ ‘ਚ ਲੱਗੇ ਨੇਤਾਵਾਂ ਨੂੰ ਵੱਡਾ ਝਟਕਾ
ਚੰਡੀਗੜ੍ਹ, 10 ਜੂਨ (ਪੰਜਾਬ ਮੇਲ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ਼ਾਰਿਆਂ ‘ਚ ਵੱਡਾ ਖੁਲਾਸਾ ਕੀਤਾ ਹੈ। ਇਸ ਦੇ ਨਾਲ ਹੀ ਕੈਪਟਨ ਕੁਝ ਹਮਲਾਵਰ ਵੀ ਵਿਖਾਈ ਦੇ ਰਹੇ ਹਨ। ਉਨ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਉਨ੍ਹਾਂ ਦੀ ਅਗਵਾਈ ਵਿਚ ਹੀ ਲੜੀਆਂ ਜਾਣਗੀਆਂ, ਜਿਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਹੋਣਗੇ। ਸਾਬਕਾ ਮੰਤਰੀ ਨਵਜੋਤ ਸਿੱਧੂ ਨਾਲ ਪ੍ਰਸ਼ਾਂਤ ਕਿਸ਼ੋਰ ਦੀ ਮੁਲਾਕਾਤ ਨੂੰ ਰੱਦ ਕਰਦਿਆਂ ਕੈਪਟਨ ਨੇ ਸਪੱਸ਼ਟ ਕੀਤਾ ਹੈ ਕਿ ਪੀ. ਕੇ. ਉਨ੍ਹਾਂ ਦੇ ਪਰਿਵਾਰਕ ਦੋਸਤ ਹਨ।
ਲੌਕਡਾਊਨ ਤੋਂ ਪਹਿਲਾਂ ਪੀ. ਕੇ. ਨਾਲ ਉਨ੍ਹਾਂ ਦੀ ਮੁਲਾਕਾਤ ਵੀ ਹੋਈ ਸੀ। ਉਨ੍ਹਾਂ ਨੇ ਪੀ.ਕੇ. ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਰਣਨੀਤੀਕਾਰ ਬਣਨ ਦਾ ਸੱਦਾ ਦਿੱਤਾ ਸੀ। ਉਨ੍ਹਾਂ ਨੇ ਇਸ ਨੂੰ ਖੁਸ਼ੀ ਨਾਲ ਸਵੀਕਾਰ ਕਰ ਲਿਆ ਹੈ। ਬਾਅਦ ਵਿਚ ਜਦੋਂ ਉਨ੍ਹਾਂ ਨੇ ਹਾਈ ਕਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਰੇ ਫ਼ੈਸਲੇ ਮੇਰੇ ‘ਤੇ ਛੱਡ ਦਿੱਤੇ। ਇੰਨਾ ਹੀ ਨਹੀਂ, ਨਵਜੋਤ ਸਿੱਧੂ ਵੱਲੋਂ ਬਰਗਾੜੀ ਕਾਂਡ ਬਾਰੇ ਦਿੱਤੇ ਬਿਆਨ ‘ਤੇ ਕੈਪਟਨ ਨੇ ਕਿਹਾ, ”ਜੇ ਸਿੱਧੂ ਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਮੇਰੇ ਨਾਲ ਗੱਲ ਕਰਨ। ਮੈਂ ਧੱਕੇਸ਼ਾਹੀ ‘ਚ ਵਿਸ਼ਵਾਸ ਨਹੀਂ ਕਰਦਾ, ਕਾਨੂੰਨ ਦੇ ਅਧੀਨ ਕੰਮ ਕਰਨ ਨੂੰ ਤਰਜੀਹ ਦਿੰਦਾ ਹਾਂ।”
ਪਿਛਲੇ ਕਈ ਮਹੀਨਿਆਂ ਤੋਂ ਕੈਪਟਨ ਅਤੇ ਸਿੱਧੂ ਵਿਚਕਾਰ ਅਸਿੱਧੇ ਤੌਰ ‘ਤੇ ਜ਼ੁਬਾਨੀ ਲੜਾਈ ਚੱਲ ਰਹੀ ਹੈ। ਮਾਮਲਾ ਹਾਈਕਮਾਨ ਤਕ ਪਹੁੰਚ ਗਿਆ ਹੈ। ਇਸ ਗੱਲ ਦੀ ਵੀ ਚਰਚਾ ਹੈ ਕਿ ਪ੍ਰਿਯੰਕਾ ਗਾਂਧੀ ਸਿੱਧੂ ਨੂੰ ਸਰਕਾਰ ‘ਚ ਉਪ ਮੁੱਖ ਮੰਤਰੀ ਬਣਾਉਣ ਲਈ ਲਾਬਿੰਗ ਕਰ ਰਹੀ ਹੈ ਪਰ ਕੈਪਟਨ ਦੇ ਬਿਆਨ ਤੋਂ ਇਹ ਸਪੱਸ਼ਟ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਆਪਣੀ ਚਲਾਉਣਗੇ। ਹਰਿਆਣਾ ‘ਚ ਹਾਈ ਕਮਾਨ ਨੂੰ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅੱਗੇ ਝੁਕਣਾ ਪਿਆ। ਅਜਿਹੀ ਸਥਿਤੀ ਵਿਚ ਹਾਈ ਕਮਾਨ ਦਾ ਕੈਪਟਨ ਅੱਗੇ ਝੁਕਣਾ ਮਜਬੂਰੀ ਹੈ, ਕਿਉਂਕਿ ਉਸ ਨੇ ਲੋਕ ਸਭਾ ਚੋਣਾਂ ਵਿਚ ਪੰਜਾਬ ‘ਚ ਭਾਜਪਾ-ਅਕਾਲੀ ਗੱਠਜੋੜ ਨੂੰ ਹਰਾਇਆ ਸੀ।
ਕੈਪਟਨ ਦੇ ਬਿਆਨ ਤੋਂ ਸਭ ਤੋਂ ਵੱਡਾ ਝਟਕਾ ਉਨ੍ਹਾਂ ਨੇਤਾਵਾਂ ਨੂੰ ਲੱਗੇਗਾ, ਜੋ ਇਨ੍ਹਾਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦਾ ਮੁਖੀ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਧੂ ਉਨ੍ਹਾਂ ਵਿਚੋਂ ਪਹਿਲੀ ਲਾਈਨ ਦੇ ਨੇਤਾ ਹਨ। ਇਸ ਤੋਂ ਬਾਅਦ ਇਹ ਨੰਬਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਆਉਂਦਾ ਹੈ। ਉਸ ਤੋਂ ਬਾਅਦ ਲਾਈਨ ਲੰਮੀ ਹੈ। ਜ਼ਿਕਰਯੋਗ ਹੈ ਕਿ ਕੈਪਟਨ ਨੇ ਸ਼ੁਰੂਆਤ ‘ਚ ਇਕ ਬਿਆਨ ਦਿੱਤਾ ਸੀ ਕਿ ਉਹ ਹੁਣ ਚੋਣ ਲੜਨਾ ਨਹੀਂ ਚਾਹੁੰਦੇ, ਪਰ ਉਨ੍ਹਾਂ ਦੇ ਉਕਤ ਬਿਆਨ ਨਾਲ ਹਲਚਲ ਤੇਜ਼ ਹੋ ਗਈ ਹੈ। ਪੰਜਾਬ ‘ਚ ਮੰਤਰੀ ਮੰਡਲ ਦਾ ਛੇਤੀ ਹੀ ਗਠਨ ਕੀਤਾ ਜਾਣਾ ਹੈ। ਅਜਿਹੀ ਸਥਿਤੀ ਵਿਚ ਕੈਪਟਨ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਗਠਨ ‘ਚ ਵੀ ਵਧੀਆ ਪ੍ਰਦਰਸ਼ਨ ਕਰਨਗੇ।