ਕੈਪਟਨ ਪਿੰਡ ਖਟਕੜ ਕਲਾਂ ਵਿਖੇ ਖੇਤੀਬਾੜੀ ਕਾਨੂੰਨ ਵਿਰੁੱਧ ਰੋਸ ਧਰਨੇ ‘ਤੇ ਬੈਠੇ

645

ਚੰਡੀਗੜ੍ਹ, 28 ਸਤੰਬਰ (ਪੰਜਾਬ ਮੇਲ)- ਲੋਕ ਸਭਾ ਤੇ ਰਾਜ ਸਭਾ ਦੇ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਹੁਣ ਤਿੰਨ ਖੇਤੀਬਾੜੀ ਬਿੱਲ ਕਾਨੂੰਨ ਬਣ ਗਏ ਹਨ ਪਰ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖਟਕੜ ਕਲਾਂ ਵਿਖੇ ਖੇਤੀਬਾੜੀ ਕਾਨੂੰਨ ਵਿਰੁੱਧ ਰੋਸ ਧਰਨੇ ‘ਤੇ ਬੈਠੇ। ਕੈਪਟਨ ਨੇ ਰਾਸ਼ਟਰਪਤੀ ਵੱਲੋਂ ਖੇਤੀਬਾੜੀ ਬਿੱਲਾਂ ਦੀ ਮਨਜ਼ੂਰੀ ਨੂੰ ‘ਮੰਦਭਾਗਾ ਤੇ ਨਿਰਾਸ਼ਾਜਨਕ’ ਦੱਸਿਆ। ਉਨ੍ਹਾਂ ਕਿਹਾ, ‘ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੂੰ ਸੰਸਦ ਵਿੱਚ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਰਾਸ਼ਟਰਪਤੀ ਦੀ ਮਨਜ਼ੂਰੀ ਉਨ੍ਹਾਂ ਕਿਸਾਨਾਂ ਲਈ ਇੱਕ ਝਟਕਾ ਹੈ ਜੋ ਸੜਕਾਂ ਤੇ ਕੇਂਦਰ ਦੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਖ਼ਤਰਨਾਕ ਕਾਨੂੰਨਾਂ ਨੂੰ ਮੌਜੂਦਾ ਹਾਲਾਤ ਵਿੱਚ ਲਾਗੂ ਕਰਨਾ ਪੰਜਾਬ ਦੇ ਖੇਤੀਬਾੜੀ ਸੈਕਟਰ ਨੂੰ ਬਰਬਾਦ ਕਰਨ ਦੇ ਬਰਾਬਰ ਹੈ।
ਆਈਵਾਈਸੀ ਨੇ ਇੱਕ ਟਵੀਟ ਵਿੱਚ ਭਗਤ ਸਿੰਘ ਦੇ ਹਵਾਲੇ ਨਾਲ ਕਿਹਾ, “ਜੇਕਰ ਬੋਲਿਆਂ ਨੂੰ ਸੁਣਾਉਣਾ ਚਾਹੁੰਦਾ ਹੋਤਾਂ ਆਵਾਜ਼ ਬਹੁਤ ਉੱਚੀ ਹੋਣੀ ਚਾਹੀਦੀ ਹੈਭਗਤ ਸਿੰਘ।” ਟਵੀਟ ਵਿੱਚ ਕਿਹਾ ਗਿਆ ਹੈ, “ਸ਼ਹੀਦ ਭਗਤ ਸਿੰਘ ਦੀ ਯਾਦ ਦੇ ਸਨਮਾਨ ਵਿੱਚਪੰਜਾਬ ਯੂਥ ਕਾਂਗਰਸ ਨੇ ਇੰਡੀਆ ਗੇਟ ਵਿਖੇ ਇੱਕ ਟਰੈਕਟਰ ਸਾੜ ਕੇ ਕਿਸਾਨਾਂ ਪ੍ਰਤੀ ਭਾਜਪਾ ਸਰਕਾਰ ਦੇ ਉਦਾਸੀਨ ਵਤੀਰੇ ਵਿਰੁੱਧ ਵਿਰੋਧ ਜਤਾਇਆ। ਸੁੱਤੀ ਸਰਕਾਰ ਨੂੰ ਜਗਾਓ। ਇਨਕਲਾਬ ਜ਼ਿੰਦਾਬਾਦ।
ਵਿਰੋਧ ਪ੍ਰਦਰਸ਼ਨ ਕਰਨ ਤੇ ਟਰੈਕਟਰਾਂ ਸਾੜਨ ਦੇ ਮਾਮਲੇ ਵਿੱਚ ਪੰਜਾਬ ਦੇ ਰਹਿਣ ਵਾਲੇ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦਿੱਲੀ ਪੁਲਿਸ ਸੀਸੀਟੀਵੀ ਫੁਟੇਜ ਦੀ ਪਛਾਣ ਕਰਨ ਤੇ ਇਸ ਵਿਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।