ਕੈਪਟਨ ਨੇ ਮਾਈਕਲ ਓਡਵਾਇਰ ਦੀ ਪੋਤਰੀ ਦੇ ਬਿਆਨ ‘ਤੇ ਸਖ਼ਤ ਪ੍ਰਤੀਕਰਮ ਪ੍ਰਗਟਾਇਆ

480
Share

* ਜਲ੍ਹਿਆਂਵਾਲਾ ਬਾਗ ਕਤਲੇਆਮ ਨੂੰ ਦੱਸਿਆ ਸੀ ਦੰਗਿਆਂ ਨੂੰ ਦਬਾਉਣ ਲਈ ਕੀਤੀ ਕਾਰਵਾਈ
ਅੰਮ੍ਰਿਤਸਰ, 19 ਅਗਸਤ (ਪੰਜਾਬ ਮੇਲ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ੍ਹਿਆਂਵਾਲੇ ਬਾਗ ਦੇ ਕਤਲੇਆਮ ਦੇ ਮਾਮਲੇ ‘ਚ ਮਾਈਕਲ ਓਡਵਾਇਰ ਦੀ ਪੋਤਰੀ ਦੇ ਉਸ ਬਿਆਨ ‘ਤੇ ਸਖਤ ਪ੍ਰਤੀਕਰਮ ਪ੍ਰਗਟ ਕੀਤਾ ਹੈ, ਜਿਸ ਵਿਚ ਉਸ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਨੂੰ ਦੰਗਿਆਂ ਨੂੰ ਦਬਾਉਣ ਲਈ ਕੀਤੀ ਗਈ ਕਾਰਵਾਈ ਦੱਸਿਆ ਸੀ। ਉਨ੍ਹਾਂ ਨੇ ਇਸ ਘਟਨਾ ਨੂੰ ਮਨੁੱਖਤਾ ਵਿਰੋਧੀ ਕਾਂਡ ਦੱਸਦਿਆਂ ਕਿਹਾ ਕਿ ਇਸ ਘਟਨਾ ਦੀ ਇਤਿਹਾਸਕ ਮੌਲਿਕਤਾ ਨੂੰ ਵਿਗਾੜ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਉਸੇ ਰੂਪ ਵਿਚ ਹੀ ਸੰਭਾਲੇ ਜਾਣ ਦੀ ਲੋੜ ਹੈ।
ਮੁੱਖ ਮੰਤਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ‘ਜਲ੍ਹਿਆਂਵਾਲੇ ਬਾਗ ਦਾ ਦੁਖਾਂਤ (1919) : ਇਤਿਹਾਸ ਅਤੇ ਸਾਹਿਤ’ ਵਿਸ਼ੇ ‘ਤੇ ਕਰਵਾਏ ਵੈਬੀਨਾਰ ਨੂੰ ਸੰਬੋਧਨ ਕੀਤਾ। ਵੈਬੀਨਾਰ ‘ਚ ਇਤਿਹਾਸਕਾਰਾਂ ਅਤੇ ਵਿਦਵਾਨਾਂ ਨੇ ਆਪਣੇ ਪਰਚੇ ਪੜ੍ਹੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੈਬੀਨਾਰ ‘ਚ ਹਿੱਸਾ ਲੈਣ ਲਈ ਧੰਨਵਾਦ ਕੀਤਾ। ਇਤਿਹਾਸ ਵਿਭਾਗ ਦੀ ਮੁਖੀ ਡਾ. ਅਮਨਦੀਪ ਬੱਲ ਨੇ ਹਿੱਸਾ ਲੈਣ ਵਾਲੇ ਵਿਦਵਾਨਾਂ ਅਤੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਨੇ ਅਜਿਹੇ ਵੈਬੀਨਾਰ ਨੂੰ ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਕਰਵਾਏ ਜਾਣ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਜਲ੍ਹਿਆਂਵਾਲਾ ਬਾਗ ਦੁਖਾਂਤ ਬਾਰੇ ਮਾਈਕਲ ਓਡਵਾਇਰ ਦੀ ਪੋਤਰੀ ਦੇ ਸ਼ਬਦਾਂ ਦੀ ਨਿਖੇਧੀ ਕੀਤੀ, ਜਿਸ ਵਿਚ ਉਸ ਨੇ ਇਸ ਘਟਨਾ ਨੂੰ ਸਿਰਫ ਦੰਗਿਆਂ ਨੂੰ ਦਬਾਉਣ ਲਈ ਕੀਤੀ ਛੋਟੀ ਕਾਰਵਾਈ ਕਰਾਰ ਦਿੱਤਾ ਸੀ। ਉਸ ਨੇ ਇਹ ਸ਼ਬਦ ਆਪਣੀ ਇਕ ਇੰਟਰਵਿਊ ਵਿਚ ਆਖੇ ਹਨ। ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲੇ ਬਾਗ ਦੀ ਇਤਿਹਾਸਕ ਘਟਨਾ ਦੇਸ਼ ਵਾਸੀਆਂ ਦੀ ਮਾਨਸਿਕਤਾ ਵਿਚ ਅਹਿਮ ਸਥਾਨ ਰੱਖਦੀ ਹੈ ਅਤੇ ਇਸ ਨੂੰ ਸਿਰਫ ਦੰਗਿਆਂ ਨੂੰ ਦਬਾਉਣ ਵਾਲੀ ਛੋਟੀ ਜਿਹੀ ਘਟਨਾ ਕਹਿਣਾ ਠੀਕ ਨਹੀਂ ਹੈ। ਇਸ ਕਰਕੇ ਜਲ੍ਹਿਆਂਵਾਲਾ ਬਾਗ ਘਟਨਾ ਪ੍ਰਤੀ ਅਜਿਹੀ ਸੋਚ ਬਦਲਣ ਦੀ ਲੋੜ ਹੈ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਤੇ ਪ੍ਰੋ. ਅਮਨਦੀਪ ਬੱਲ ਵੱਲੋਂ ਸੰਪਾਦਿਤ ਪੁਸਤਕ ‘ਰੀਇਮੇਜਿੰਗ ਜਲ੍ਹਿਆਂਵਾਲਾ ਬਾਗ ਮਾਸਏਕਰ’ (1919-2019) ਨੂੰ ਰਿਲੀਜ਼ ਕੀਤਾ ਗਿਆ। ਅੰਬੇਦਕਰ ਯੂਨੀਵਰਸਿਟੀ ਦਿੱਲੀ ਦੇ ਪ੍ਰੋ. ਸਲਿਲ ਮਿਸ਼ਰਾ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਪ੍ਰੋ. ਸੁਚੇਤਾ ਮਹਾਜਨ ਅਤੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੇ ਪੋਤਰੇ ਤੇ ਸੇਵਾਮੁਕਤ ਭਾਰਤੀ ਰਾਜਦੂਤ ਨਵਦੀਪ ਸਿੰਘ ਸੂਰੀ ਮੁੱਖ ਬੁਲਾਰੇ ਸਨ। ਉਨ੍ਹਾਂ ਨੇ ਹਾਲ ਹੀ ਵਿਚ ‘ਖੂਨੀ ਵੈਸਾਖੀ’ ਦਾ ਅੰਗਰੇਜ਼ੀ ‘ਚ ਅਨੁਵਾਦ ਕੀਤਾ ਹੈ। ਉਨ੍ਹਾਂ ਨੇ ਪੁਸਤਕ ਦੇ ਕੁਝ ਅੰਸ਼ ਅਤੇ ਅੰਗਰੇਜ਼ੀ ਅਨੁਵਾਦ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਸਰਮਿਸ਼ਠਾ ਦੱਤਾ ਗੁਪਤਾ ਨੇ ਰਬਿੰਦਰ ਨਾਥ ਟੈਗੋਰ ਦੀਆਂ ਕੁਝ ਦੁਰਲੱਭ ਫੋਟੋਆਂ ਵੀ ਸਾਂਝੀਆਂ ਕੀਤੀਆਂ।
ਦੂਜੇ ਸੈਸ਼ਨ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਸੁਖਦੇਵ ਸਿੰਘ ਅਤੇ ਡਾ. ਰਖਸ਼ੰਦਾ ਜਲਿਲ ਨੇ ਵਿਚਾਰ ਪੇਸ਼ ਕੀਤੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਚਮਨ ਲਾਲ ਨੇ ਰਜਨੀਸ਼ ਵਾਟਸ ਦੇ ਹਿੰਦੀ ਨਾਵਲ ਅੰਮ੍ਰਿਤਸਰ 1919 ਅਤੇ ਅੰਬੇਦਕਰ ਯੂਨੀਵਸਿਟੀ ਦੇ ਪ੍ਰੋ. ਬੋਧ ਪ੍ਰਕਾਸ਼ ਨੇ ਜਲ੍ਹਿਆਂਵਾਲਾ ਬਾਗ ਬਾਰੇ ਵਿਚਾਰ ਪੇਸ਼ ਕੀਤੇ।


Share