ਕੈਪਟਨ ਦੇ ਦੋ ਸਾਬਕਾ ਓ.ਐੱਸ.ਡੀ. ਚੋਣ ਮੈਦਾਨ ’ਚ ਹੋਣਗੇ ਆਹਮੋ-ਸਾਹਮਣੇ

152
ਸੰਦੀਪ ਸੰਧੂ ਤੇ ਦਮਨਜੀਤ ਸਿੰਘ ਮੋਹੀ।
Share

ਜਗਰਾਉਂ, 24 ਜਨਵਰੀ (ਪੰਜਾਬ ਮੇਲ)- ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਿਹਾ ਲੁਧਿਆਣਾ ਜ਼ਿਲ੍ਹੇ ਦਾ ਹਲਕਾ ਦਾਖਾ ਮੁੜ ਸੁਰਖੀਆਂ ਵਿੱਚ ਆ ਗਿਆ। ਇੱਥੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੋ ਸਾਬਕਾ ਓ.ਐੱਸ.ਡੀ. ਆਹਮੋ-ਸਾਹਮਣੇ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ, ਜਿਸ ਅਨੁਸਾਰ ਉਨ੍ਹਾਂ ਹਲਕਾ ਦਾਖਾ ਤੋਂ ਦਮਨਜੀਤ ਸਿੰਘ ਮੋਹੀ ਨੂੰ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ ਹੈ।
ਦਮਨਜੀਤ ਸਿੰਘ ਦੇ ਪਿਤਾ ਆਨੰਦ ਸਰੂਪ ਸਿੰਘ ਮੋਹੀ ਦੀ ਕੈਪਟਨ ਨਾਲ ਨੇੜਤਾ ਕਿਸੇ ਤੋਂ ਲੁਕੀ ਨਹੀਂ। ਦਾਖਾ ਨਾਲ ਸਬੰਧਤ ਮੋਹੀ ਪਰਿਵਾਰ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਦੀ ਟਿਕਟ ਦਾ ਚਾਹਵਾਨ ਸੀ। 2017 ’ਚ ਟਿਕਟ ਭੈਣੀ ਪਰਿਵਾਰ ਦੇ ਮੇਜਰ ਸਿੰਘ ਭੈਣੀ ਨੂੰ ਮਿਲਣ ਕਰਕੇ ਮੋਹੀ ਪਰਿਵਾਰ ਖੁੰਝ ਗਿਆ ਪਰ ਸਰਕਾਰ ਬਣਨ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਦਮਨਜੀਤ ਮੋਹੀ ਨੂੰ ਆਪਣਾ ਓ.ਐੱਸ.ਡੀ. ਲਾਇਆ। ਦਾਖਾ ਤੋਂ ‘ਆਪ’ ਦੀ ਟਿਕਟ ’ਤੇ ਵਿਧਾਇਕ ਚੁਣੇ ਐਡਵੋਕੇਟ ਐੱਚ.ਐੱਸ. ਫੂਲਕਾ ਵੱਲੋਂ ਅਸਤੀਫ਼ਾ ਦੇਣ ਕਰਕੇ ਹੋਈ ਜ਼ਿਮਨੀ ਚੋਣ ਸਮੇਂ ਵੀ ਮੋਹੀ ਪਰਿਵਾਰ ਦੀ ਥਾਂ ਕੈਪਟਨ ਦਾ ਇਕ ਹੋਰ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ ਟਿਕਟ ਲਿਜਾਣ ’ਚ ਸਫ਼ਲ ਹੋ ਗਿਆ। ਉਦੋਂ ਤੋਂ ਕੈਪਟਨ ਸੰਦੀਪ ਸੰਧੂ ਹੀ ਬਤੌਰ ਹਲਕਾ ਇੰਚਾਰਜ ਵਿਚਰ ਰਹੇ ਹਨ ਅਤੇ ਹੁਣ ਵੀ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਹੈ। ਚਰਚਾ ਸੀ ਕਿ ਕਾਂਗਰਸ ਛੱਡ ਕੇ ਕੈਪਟਨ ਦੀ ਪਾਰਟੀ ’ਚ ਸ਼ਾਮਲ ਹੋਣ ਵਾਲੇ ਲੁਧਿਆਣਾ ਦੇ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਜਿਨ੍ਹਾਂ ਦਾ ਪਿੰਡ ਵੀ ਦਾਖਾ ਹਲਕੇ ’ਚ ਪੈਂਦਾ ਹੈ, ਨੂੰ ਟਿਕਟ ਮਿਲੇਗੀ ਪਰ ਦਮਨਜੀਤ ਸਿੰਘ ਮੋਹੀ ਨੂੰ ਟਿਕਟ ਦਿੱਤੇ ਜਾਣ ਨਾਲ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਦੋ ਸਾਬਕਾ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ ਅਤੇ ਦਮਨਜੀਤ ਸਿੰਘ ਮੋਹੀ ਚੋਣ ਮੈਦਾਨ ’ਚ ਆਹਮੋ-ਸਾਹਮਣੇ ਹੋ ਗਏ ਹਨ।

Share