ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਫ਼ਤਿਹ ਗੀਤ ਲਾਂਚ,

723

-ਉੱਘੇ ਸਟਾਰ ਅਮਿਤਾਬ ਬੱਚਨ, ਮਿਲਖਾ ਸਿੰਘ, ਕਪਿਲ ਦੇਵ, ਗੁਰਦਾਸ ਮਾਨ, ਕਰੀਨਾ ਕਪੂਰ ਦੇ ਨਾਲ-ਨਾਲ ਏ.ਐਸ.ਆਈ. ਹਰਜੀਤ ਸਿੰਘ ਅਤੇ ਟਿਕਟੌਕ ਸਟਾਰ ਨੂਰ ਨੇ ਦਿੱਤੀ ਪੇਸ਼ਕਾਰੀ
-ਸਿਨੇਮਾ ਹਸਤੀਆਂ ਤੋਂ ਇਲਾਵਾ, ਪੰਜਾਬੀ ਗਾਇਕਾਂ, ਕਲਾਕਾਰਾਂ ਅਤੇ ਖਿਡਾਰੀਆਂ ਨੇ ਇਸ ਵਿਲੱਖਣ ਪਹਿਲਕਦਮੀ ਵਿਚ ਦਿੱਤਾ ਸਹਿਯੋਗ
-ਜ਼ਰੂਰੀ ਇਹਤਿਆਤ ਵਰਤਦਿਆਂ ਕੋਵਿਡ-19 ਨਾਲ ਇਕਜੁੱਟ ਹੋ ਕੇ ਲੜਨ ਦਾ ਦਿੱਤਾ ਸੁਨੇਹਾ
ਚੰਡੀਗੜ੍ਹ, 3 ਜੂਨ (ਪੰਜਾਬ ਮੇਲ)- ਕੋਵਿਡ ਖ਼ਿਲਾਫ਼ ਸੂਬੇ ਦੀ ਲੜਾਈ ਦੇ ਹਿੱਸੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਫਤਿਹ ਗੀਤ ਲਾਂਚ ਕੀਤਾ ਗਿਆ। ਇਸ ਗੀਤ ਵਿਚ ਉੱਘੇ ਅਦਾਕਾਰ ਅਮਿਤਾਭ ਬੱਚਨ, ਕਰੀਨਾ ਕਪੂਰ, ਗੁਰਦਾਸ ਮਾਨ ਅਤੇ ਹਰਭਜਨ ਸਿੰਘ ਤੋਂ ਇਲਾਵਾ ਖੇਡਾਂ ਅਤੇ ਪੰਜਾਬੀ ਸਿਨੇਮਾ ਦੀਆਂ ਸ਼ਖਸੀਅਤਾਂ ਵੱਲੋਂ ਪੇਸ਼ਕਾਰੀ ਦਿੱਤੀ ਗਈ ਹੈ, ਜਿਸ ਵਿਚ ਵਾਇਰਸ ਨੂੰ ਹਰਾਉਣ ਅਤੇ ਪੰਜਾਬ ਨੂੰ ਬਚਾਉਣ ਲਈ ਸੰਕਲਪ ਅਤੇ ਅਨੁਸ਼ਾਸਨ ਦਾ ਸੁਨੇਹਾ ਦਿੱਤਾ ਗਿਆ ਹੈ।
ਸਾਰਿਆਂ ਨੂੰ ਅੱਗੇ ਆਉਣ ਅਤੇ ਰੋਕਥਾਮ ਉਪਾਵਾਂ ਬਾਰੇ ਜਾਣਕਾਰੀ ਦੇ ਪ੍ਰਸਾਰ ਨਾਲ ਕੀਮਤੀ ਜਾਨਾਂ ਬਚਾਉਣ ਲਈ ਰਾਜ ਦੇ ਯਤਨਾਂ ਨੂੰ ਪੂਰਕ ਬਣਾਉਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰ ਇੱਕ ਦੇ ਸਹਿਯੋਗ ਨਾਲ ਪੰਜਾਬ ਇਸ ਵਾਇਰਸ ਦੇ ਫੈਲਾਅ ਨੂੰ ਕਾਬੂ ਕਰਨ ਵਿਚ ਬਹੁਤ ਹੱਦ ਤੱਕ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਗ ਅਜੇ ਖ਼ਤਮ ਨਹੀਂ ਹੋਈ ਅਤੇ ਲੋਕਾਂ ਨੂੰ ਜਾਗਰੂਕ ਰਹਿਣ ਅਤੇ ਸਮਾਜਿਕ ਦੂਰੀ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਇਸ ਗੀਤ ਜਿਸ ਵਿਚ ਸਥਾਨਕ ਲੜਕੇ ਸੋਨੂੰ ਸੂਦ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਏ.ਐੱਸ.ਆਈ. ਹਰਜੀਤ ਸਿੰਘ ਅਤੇ ਟਿਕ-ਟੌਕ ਸਟਾਰ ਨੂਰ ਵੀ ਸ਼ਾਮਲ ਹਨ, ਪੰਜਾਬੀ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਬੀ. ਪ੍ਰਾਕ ਨੇ ਗਾਇਆ ਹੈ। ਕੋਵਿਡ 19 ‘ਤੇ ਫਤਹਿ ਪਾਉਣ ਵਾਸਤੇ ਸਮਾਜਿਕ ਦੂਰੀ ਬਣਾਈ ਰੱਖਣ, ਬਾਹਰ ਜਾਣ ਸਮੇਂ ਮਾਸਕ ਪਹਿਨਣ ਅਤੇ ਨਿਯਮਤ ਤੌਰ ‘ਤੇ ਹੱਥ ਧੋਣ ਦਾ ਸੰਦੇਸ਼ ਦੇਣ ਲਈ ਇਹ ਗਾਣਾ ਇਕ ਵਿਲੱਖਣ ਪਹਿਲ ਹੈ।
ਸੋਹਾ ਅਲੀ ਖਾਨ, ਰਣਦੀਪ ਹੁੱਡਾ ਅਤੇ ਰਣਵਿਜੈ ਤੋਂ ਇਲਾਵਾ ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਦੇ ਸਿਤਾਰੇ ਜਿਵੇਂ ਗਿੱਪੀ ਗਰੇਵਾਲ, ਐਮੀ ਵਿਰਕ, ਜੈਜ਼ੀ ਬੀ, ਬਿਨੂੰ ਢਿੱਲੋਂ, ਪੰਮੀ ਬਾਈ, ਜਸਬੀਰ ਜੱਸੀ, ਰਾਜਵੀਰ ਜਵੰਦਾ, ਰੁਬੀਨਾ ਬਾਜਵਾ ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ, ਸਿੰਘਾ, ਤਰਸੇਮ ਜੱਸੜ, ਲਖਵਿੰਦਰ ਵਡਾਲੀ, ਹਰਜੀਤ ਹਰਮਨ, ਗੁਰਨਜ਼ਰ, ਬੱਬਲ ਰਾਏ, ਜਾਨੀ, ਕੁਲਰਾਜ ਰੰਧਾਵਾ, ਸ਼ਿਵਜੋਤ, ਹੈਪੀ ਰਾਏਕੋਟੀ, ਅਫਸਾਨਾ ਖਾਨ, ਨਿੰਜਾ, ਅਤਿਸ਼, ਤਨਿਸ਼ਕ ਕੌਰ ਅਤੇ ਆਰੁਸ਼ੀ ਸ਼ਾਮਲ ਹਨ।
ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਪੇਜ ‘ਤੇ ਅਪਲੋਡ ਕੀਤੇ ਗਏ ਇਸ ਗਾਣੇ ‘ਚ ਕ੍ਰਿਕਟਰ ਹਰਭਜਨ ਸਿੰਘ, ਅੰਜੁਮ ਮੌਦਗਿੱਲ ਅਤੇ ਅਵਨੀਤ ਸਿੱਧੂ ਸਣੇ ਕਈ ਪ੍ਰਮੁੱਖ ਖੇਡ ਸ਼ਖਸੀਅਤਾਂ ਅਤੇ ਬੀ ਪ੍ਰਾਕ, ਜਿਸ ਨੇ ਪਹਿਲਾਂ ਹੀ ਆਪਣੇ ਦੇਸ਼ ਭਗਤੀ ਵਾਲੇ ਗੀਤ ‘ਤੇਰੀ ਮਿੱਟੀ’ ਲਈ ਦੇਸ਼ ਦਾ ਦਿਲ ਜਿੱਤਿਆ ਹੈ, ਨੂੰ ਵੀ ਪੇਸ਼ ਕੀਤਾ ਗਿਆ।
ਇਹ ਗਾਣਾ ਵੱਖ-ਵੱਖ ਟੈਲੀਵਿਜ਼ਨ ਅਤੇ ਰੇਡੀਓ ਚੈਨਲਾਂ ‘ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ, ਤਾਂ ਕਿ ਕੋਵਿਡ 19 ਵਿਰੁੱਧ ਸਮੂਹਿਕ ਤੌਰ ‘ਤੇ ਲੜਨ ਦਾ ਸੰਦੇਸ਼ ਪੰਜਾਬ ਦੇ ਹਰ ਘਰ ਤੱਕ ਪਹੁੰਚੇ। ਇਸ ਤੋਂ ਇਲਾਵਾ ਸਮਾਜਿਕ ਦੂਰੀ ਬਣਾਈ ਰੱਖਣ, ਨਿਯਮਤ ਤੌਰ ‘ਤੇ ਹੱਥ ਧੋਣ ਅਤੇ ਬਾਹਰ ਜਾਣ ਸਮੇਂ ਮਾਸਕ ਪਹਿਨਣ ਦਾ ਸੰਦੇਸ਼ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਹੋਰਡਿੰਗਜ਼ ਅਤੇ ਅਖਬਾਰਾਂ ਦੇ ਇਸ਼ਤਿਹਾਰਾਂ ਰਾਹੀਂ ਵੀ ਫੈਲਾਇਆ ਗਿਆ ਹੈ।
ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗ ਮਿਸ਼ਨ ਫਤਿਹ ਤਹਿਤ ਪੰਜਾਬ ਦੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਕੰਮ ਕਰਨਗੇ ਕਿ ਕੋਵਿਡ 19 ਅਜੇ ਖਤਮ ਨਹੀਂ ਹੋਇਆ ਹੈ ਅਤੇ ਹਰੇਕ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਲਈ ਆਪਣੀ ਜੀਵਨ ਸ਼ੈਲੀ ਵਿਚ ਇਹ ਛੋਟੀਆਂ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ।