ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਨੂੰ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਪੇਸ਼ ਆਉਣ ਮੌਕੇ ਮਾਨਵੀ ਅਤੇ ਸੰਵੇਦਨਸ਼ੀਲ ਪਹੁੰਚ ਅਪਣਾਉਣ ਲਈ ਆਖਿਆ

700

ਪੰਜਾਬ ਦੇ ਨੌਜਵਾਨਾਂ ਨੂੰ ਕਰਫਿਊ ਦੀਆਂ ਰੋਕਾਂ ਤੋੜਣ ਲਈ ਭੜਕਾਉਣ ’ਤੇ ਐਸ.ਐਫ.ਜੇ. ਦੇ ਪੰਨੂੰ ਨੂੰ ਤਾੜਨਾ
ਡੀ.ਜੀ.ਪੀ. ਵੱਲੋਂ ਪੁਲੀਸ ਕਮਿਸ਼ਨਰਾਂ ਅਤੇ ਜ਼ਿਲਾ ਪੁਲੀਸ ਮੁਖੀਆਂ ਨੂੰ ਜ਼ਬਰਦਸਤੀ ਵਰਤਣ ਨੂੰ ਸਹਿਣ ਨਾ ਕੀਤੇ ਜਾਣ ਨੂੰ ਯਕੀਨੀ ਬਣਾਉਣ ਦੇ ਹੁਕਮ

ਚੰਡੀਗੜ, 26 ਮਾਰਚ (ਪੰਜਾਬ ਮੇਲ)- ਸੂਬੇ ਵਿੱਚ ਕਰਫਿਊ ਅਧੀਨ ਲਾਈਆਂ ਰੋਕਾਂ ਨੂੰ ਅਮਲ ਵਿੱਚ ਲਿਆਉਣ ਲਈ ਨਾਗਰਿਕ ਵਿਰੁੱਧ ਵਧੀਕੀਆਂ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਪੁਲੀਸ ਨੂੰ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਵਧੇਰੇ ਮਾਨਵੀ ਅਤੇ ਸੰਵੇਦਨਸ਼ੀਲ ਪਹੁੰਚ ਅਪਣਾਉਣ ਦੇ ਹੁਕਮ ਦਿੱਤੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਮੁਲਾਜ਼ਮਾਂ ਨੂੰ ਇਸ ਔਖੀ ਸਥਿਤੀ ਵਿੱਚ ਵੱਧ ਤੋਂ ਵੱਧ ਸੰਜਮ ਵਰਤਣ ਲਈ ਆਖਿਆ। ਉਨਾਂ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਮੌਕੇ ਖਾਸ ਕਰਕੇ ਜ਼ਰੂਰੀ ਵਸਤਾਂ ਲੈਣ ਲਈ ਬਾਹਰ ਨਿਕਲਣ ਵਾਲੇ ਵਿਅਕਤੀਆਂ ਦੇ ਮਾਮਲੇ ਵਿੱਚ ਹੋਰ ਵਧੇਰੇ ਹਮਦਰਦੀ ਭਰਿਆ ਵਤੀਰਾ ਅਖਤਿਆਰ ਕੀਤਾ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੀ ਆੜ ਵਿੱਚ ਜਿਸਮਾਨੀ ਕੁੱਟਮਾਰ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨਾਂ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਪੁਲੀਸ ਮੁਲਾਜ਼ਮਾਂ ਨੂੰ ਸੰਵੇਦਨਸ਼ੀਲ ਹੋਣ ਲਈ ਹਰ ਸੰਭਵ ਕਦਮ ਚੁੱਕਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਉਨਾਂ ਨੇ ਡੀ.ਜੀ.ਪੀ. ਨੂੰ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਮੌਕੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲਿਆਂ ਨੂੰ ਤਾੜਨਾ ਕਰਨ ਲਈ ਆਖਿਆ।
ਮੁੱਖ ਮੰਤਰੀ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰਦਿਆਂ ਹੰਗਾਮੀ ਸਥਿਤੀ ਦੀ ਸੂਰਤ ਵਿੱਚ ਹੈਲਪਲਾਈਨ ਨੰਬਰਾਂ ਆਦਿ ਰਾਹੀਂ ਪੁਲੀਸ ਤੇ ਸਿਵਲ ਪ੍ਰਸ਼ਾਸਨ ਕੋਲ ਪਹੁੰਚ ਕਰਨ ਲਈ ਆਖਿਆ। ਉਨਾਂ ਕਿਹਾ ਕਿ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸਮੁੱਚਾ ਪੁਲੀਸ ਤੇ ਸਿਵਲ ਪ੍ਰ੍ਰਸ਼ਾਸਨ ਦਿਨ-ਰਾਤ ਕੰਮ ਕਰਨ ਵਿੱਚ ਜੁਟਿਆ ਹੋਇਆ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਾਗਰਿਕਾਂ ਨੂੰ ਕਿਸੇ ਤਰਾਂ ਦੀ ਅਸੁਵਿਧਾ ਜਾਂ ਔਖ ਦਾ ਸਾਹਮਣਾ ਨਾ ਕਰਨਾ ਪਵੇ।
ਸਿੱਖਜ਼ ਫਾਰ ਜਸਟਿਸ ਦੇ ਗਰਪਤਵੰਤ ਸਿੰਘ ਪੰਨੂੰ ਵੱਲੋਂ ਜਾਰੀ ਕੀਤੇ ਰਿਕਾਰਡਿਡ ਟੈਲੀਫੋਨ ਸੰਦੇਸ਼ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਲਈ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਲਈ ਉਸ ਦੀ ਕਿਸੇ ਵੀ ਕੋਸ਼ਿਸ਼ ਜਾਂ ਕਦਮ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਪੰਨੂੰ ਦੇ ਸੰਦੇਸ਼ ’ਤੇ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਪੰਨੂੰ ਨੂੰ ਪੰਜਾਬੀਆਂ ਦੀ ਜ਼ਿੰਦਗੀ ਦੀ ਪ੍ਰਵਾਹ ਨਹੀਂ ਹੈ, ਜਿਸ ਵਿੱਚ ਉਸ ਨੇ ਉਨਾਂ (ਕੈਪਟਨ ਅਮਰਿੰਦਰ ਸਿੰਘ) ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਵੀ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਿਸੇ ਵੀ ਕਾਰਵਾਈ ਲਈ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਗਈ ਹੈ।
ਇਸ ਦੌਰਾਨ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਵੱਡੀ ਪੱਧਰ ’ਤੇ ਪੁਲੀਸ ਮੁਲਾਜ਼ਮਾਂ ਵੱਲੋਂ ਜ਼ਿੰਮੇਵਾਰੀ ਅਤੇ ਸਹਿਜਤਾ ਦਿਖਾਈ ਗਈ ਹੈ ਪਰ ਕੁਝ ਮਾਮਲਿਆਂ ਵਿੱਚ ਮੁਲਾਜ਼ਮਾਂ ਵੱਲੋਂ ਰੋਕਾਂ ਤੋੜਣ ਵਾਲਿਆਂ ਵਿਰੁੱਧ ਜ਼ਬਰਦਸਤੀ ਵਰਤੀ ਗਈ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਉਨਾਂ ਨੇ ਪੁਲੀਸ ਕਮਿਸ਼ਨਰਾਂ ਅਤੇ ਜ਼ਿਲਾ ਪੁਲੀਸ ਮੁਖੀਆਂ ਨੂੰ ਹੁਕਮ ਦਿੱਤੇ ਹਨ ਕਿ ਹੇਠਲੇ ਪੱਧਰ ਦੇ ਪੁਲੀਸ ਅਫਸਰਾਂ ਨੂੰ ਸਪੱਸ਼ਟ ਕਰ ਦਿੱਤਾ ਜਾਵੇ ਕਿ ਜਿਸਮਾਨੀ ਕੁੱਟਮਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਉਨਾਂ ਨੇ ਚਿਤਾਵਨੀ ਦਿੱਤੀ ਕਿ ਕੋਈ ਵੀ ਸਮਾਜ ਅਜਿਹੇ ਦਿ੍ਰਸ਼ਾਂ ਨੂੰ ਸਹਿਣ ਨਹੀਂ ਕਰ ਸਕਦਾ। ਉਨਾਂ ਕਿਹਾ ਕਿ ਜਿੱਥੇ ਵੀ ਲੋੜ ਹੋਵੇ, ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਡੀ.ਜੀ.ਪੀ. ਨੇ ਕਿਹਾ, ‘‘ਅਸੀਂ ਅਜਿਹੇ ਕੁਝ ਉਲਟ ਕੰਮਾਂ ਕਰਕੇ ਸਾਡੇ ਵੱਲੋਂ ਕੀਤੇ ਜਾ ਰਹੇ ਨੇਕ ਕੰਮਾਂ ’ਤੇ ਧੱਬਾ ਨਹੀਂ ਲਵਾਉਣਾ ਚਾਹੁੰਦੇ।’’
ਡੀ.ਜੀ.ਪੀ. ਵੱਲੋਂ ਪੁਲਿਸ ਨੂੰ ਚਿਤਾਵਨੀ ਵੀ ਦਿੱਤੀ ਗਈ ਅਤੇ ਨਾਲੋ-ਨਾਲ ਪੁਲਿਸ ਨੇ ਵੀਰਵਾਰ ਨੂੰ ਕਰਫਿਊ ਅਤੇ ਘਰੇਲੂ ਏਕਾਂਤਵਾਸ ਦੀ ਉਲੰਘਣਾ ਦੇ ਦੋਸ਼ ਹੇਠ 170 ਐਫ.ਆਈ.ਆਰ. ਦਰਜ ਕੀਤੀਆਂ ਅਤੇ 262 ਜਣਿਆਂ ਨੂੰ ਗਿ੍ਰਫਤਾਰ ਕੀਤਾ। ਕੁੱਲ 170 ਐਫ.ਆਈ.ਆਰਜ਼ ਵਿੱਚੋਂ ਚਾਰ ਘਰੇਲੂ ਏਕਾਂਤਵਾਸ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਹਨ ਜਿਨਾਂ ਵਿੱਚ ਤਿੰਨ ਕੇਸ ਸੰਗਰੂਰ ਤੇ ਇਕ ਕੇਸ ਬਠਿੰਡਾ ਵਿਖੇ ਦਰਜ ਹੋਇਆ।
          ਅੱਜ ਤੱਕ ਵੱਖ-ਵੱਖ ਰੈਂਕਾਂ ’ਤੇ ਤਾਇਨਾਤ 40,153 ਪੁਲਿਸ ਮੁਲਾਜ਼ਮ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਅਤੇ ਪੁਲਿਸ ਕਮਿਸ਼ਨਰੇਟ ਵਿੱਚ ਫੀਲਡ ਵਿੱਚ ਤਾਇਨਾਤ ਹਨ ਜੋ ਜ਼ਰੂਰੀ ਸਪਲਾਈ ਦੀ ਸਾਂਭ ਸੰਭਾਲ ਅਤੇ ਕਰਫਿਊ ਲਾਗੂ ਕਰਨ ਲਈ ਕੰਮ ਕਰ ਰਹੇ ਹਨ। ਇਨਾਂ ਵਿੱਚ 1937 ਵਲੰਟੀਅਰ ਵੀ ਸ਼ਾਮਲ ਹਨ।
ਕਰਫਿਊ ਦੀ ਉਲੰਘਣਾ ਦੇ ਸਭ ਤੋਂ ਵੱਧ 38 ਕੇਸ ਕਪੂਰਥਲਾ ਵਿੱਚ ਦਰਜ ਹੋਏ ਹਨ ਜਦੋਂ ਕਿ ਤਰਨ ਤਾਰਨ ਵਿੱਚ 14, ਜਲੰਧਰ ਕਮਿਸ਼ਨਰੇਟ ਵਿੱਚ 14, ਅੰਮਿ੍ਰਤਸਰ ਕਮਿਸ਼ਨਰੇਟ, ਜਲੰਧਰ ਦਿਹਾਤੀ ਤੇ ਫਤਹਿਗੜ ਸਾਹਿਬ ਵਿੱਚ 13-13, ਹੁਸ਼ਿਆਰਪੁਰ ਵਿੱਚ 12, ਰੋਪੜ ਵਿੱਚ 11, ਬਰਨਾਲਾ ਵਿੱਚ 9, ਸੰਗਰੂਰ ਵਿੱਚ 7, ਲੁਧਿਆਣਾ ਕਮਿਸ਼ਨਰੇਟ ਵਿੱਚ 6, ਮਾਨਸਾ, ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਵਿੱਚ 3-3, ਫਿਰੋਜ਼ਪੁਰ, ਖੰਨਾ, ਮੁਹਾਲੀ, ਬਟਾਲਾ ਤੇ ਅੰਮਿ੍ਰਤਸਰ ਵਿੱਚ 2-2 ਜਦੋਂ ਕਿ ਮੋਗਾ, ਨਵਾਂਸ਼ਹਿਰ, ਪਠਾਨਕੋਟ ਤੇ ਗੁਰਦਾਸਪੁਰ ਵਿੱਚ ਇਕ-ਇਕ ਕੇਸ ਦਰਜ ਕੀਤਾ ਹੈ। ਹਾਲੇ ਤੱਕ ਫਰੀਦਕੋਟ, ਫਾਜ਼ਿਲਕਾ, ਲੁਧਿਆਣਾ ਤੇ ਪਟਿਆਲਾ ਜ਼ਿਲੇ ਵਿੱਚ ਅਜਿਹਾ ਕੋਈ ਕੇਸ ਦਰਜ ਨਹੀਂ ਹੋਇਆ।
ਡੀ.ਜੀ.ਪੀ. ਗੁਪਤਾ ਨੇ ਕਿਹਾ ਕਿ ਸਭ ਤੋਂ ਵੱਧ ਕਪੂਰਥਲਾ ਵਿੱਚ 60 ਜਣੇ ਗਿ੍ਰਫਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ ਰੋਪੜ ਵਿੱਚ 30, ਫਤਹਿਗੜ ਸਾਹਿਬ ਵਿੱਚ 22, ਬਰਨਾਲਾ ਵਿੱਚ 22, ਜਲੰਧਰ ਦਿਹਾਤੀ ਵਿੱਚ 17, ਤਰਨ ਤਾਰਨ ਵਿੱਚ 16, ਜਲੰਧਰ ਕਮਿਸ਼ਨਰੇਟ ਵਿੱਚ 14, ਅੰਮਿ੍ਰਤਸਰ ਕਮਿਸ਼ਨਰੇਟ ਤੇ ਹੁਸ਼ਿਆਰਪੁਰ ਵਿੱਚ 12-12, ਸੰਗਰੂਰ ਵਿੱਚ 11, ਗੁਰਦਾਸਪੁਰ, ਮੁਹਾਲੀ ਤੇ ਸ੍ਰੀ ਮੁਕਤਸਰ ਸਾਹਿਬ ਵਿੱਚ 7-7, ਲੁਧਿਆਣਾ ਕਮਿਸ਼ਨਰੇਟ ਵਿੱਚ 6, ਮਾਨਸਾ ਵਿੱਚ 5, ਬਠਿੰਡਾ ਵਿੱਚ 4 ਅਤੇ ਖੰਨਾ, ਬਟਾਲਾ ਤੇ ਫਿਰੋਜ਼ਪੁਰ ਵਿੱਚ 2-2 ਅਤੇ ਨਵਾਂਸ਼ਹਿਰ ਵਿੱਚ ਇਕ ਨੂੰ ਗਿ੍ਰਫਤਾਰ ਕੀਤਾ ਗਿਆ।