ਕੈਨੇਡੀਅਨ ਫ਼ੌਜਾਂ ਵੱਲੋਂ ਅਫਗਾਨਿਸਤਾਨ ਲਈ ਮੁੜ ਉਡਾਣਾਂ ਭਰਣੀਆਂ ਸ਼ੁਰੂ

458
Share

ਓਟਾਵਾ, 25 ਅਗਸਤ (ਪੰਜਾਬ ਮੇਲ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਕੈਨੇਡੀਅਨ ਆਰਮਡ ਫੋਰਸਿਜ਼ (ਸੀ.ਏ.ਐੱਫ.) ਨੇ ਅਫਗਾਨਿਸਤਾਨ ਲਈ ਉਡਾਣਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਹਨ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਵੀਰਵਾਰ ਨੂੰ ਇੱਕ ਬਿਆਨ ’ਚ ਟਰੂਡੋ ਨੇ ਕਿਹਾ ਕਿ ਸੀ.ਏ.ਐੱਫ. ਦੀ ਸੰਪਤੀ ਅਤੇ ਕਰਮਚਾਰੀ ਅਮਰੀਕਾ ਅਤੇ ਹੋਰ ਸਹਿਯੋਗੀ ਭਾਈਵਾਲਾਂ ਦੇ ਨਾਲ ਰਣਨੀਤਿਕ ਪੱਧਰ ’ਤੇ ਤਾਲਮੇਲ ਕਰਨ ਲਈ ਅਫਗਾਨਿਸਤਾਨ ਵਿਚ ਪਹੁੰਚ ਚੁੱਕੇ ਹਨ, ਜਿਸ ਨਾਲ ‘‘ਕੈਨੇਡੀਅਨਾਂ, ਅਫਗਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਰੱਖਿਆ ਮਿਲ ਸਕੇਗੀ।’’
ਟਰੂਡੋ ਨੇ ਕਿਹਾ ਕਿ ਦੋ ਸੀ.ਏ.ਐੱਫ. ਸੀਸੀ-177 ਜਹਾਜ਼ ਨਿਕਾਸੀ ਦੇ ਯਤਨਾਂ ਨੂੰ ਸਮਰਥਨ ਦੇਣ ਲਈ ਕਾਬੁਲ ਵਿਚ ਨਿਯਮਿਤ ਉਡਾਣਾਂ ਭਰਨਗੇ। ਉਨ੍ਹਾਂ ਨੇ ਕਿਹਾ, ‘‘ਸਾਡੀ ਸਰਕਾਰ ਉਨ੍ਹਾਂ ਅਫਗਾਨਾਂ ਦੀ ਮਦਦ ਕਰਨ ਲਈ ਵਚਨਬੱਧ ਹੈ ਜਿਨ੍ਹਾਂ ਨੇ ਕੈਨੇਡਾ ਦੀ ਮਦਦ ਕੀਤੀ। ਉਨ੍ਹਾਂ ਨੇ ਕਿਹਾ, ‘‘ਹੁਣ ਜ਼ਮੀਨੀ ਪੱਧਰ ’ਤੇ ਕਰਮਚਾਰੀ ਹਨ ਅਤੇ ਪ੍ਰਕਿਰਿਆ ਵਿਚ ਸਹਾਇਤਾ ਲਈ ਸਾਡੇ ਕੋਲ ਬਾਅਦ ਵਿਚ ਹੋਰ ਕਰਮਚਾਰੀ ਪਹੁੰਚਣਗੇ। ਸੀ.ਟੀ.ਵੀ. ਨਿਊਜ਼ ਦੀ ਰਿਪੋਰਟ ਅਨੁਸਾਰ, ਉਨ੍ਹਾਂ ਅਫਗਾਨਾਂ ਵਿਚ ਸਾਬਕਾ ਦੁਭਾਸ਼ੀਏ ਅਤੇ ਸਹਾਇਕ ਸਟਾਫ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਵੀ ਸ਼ਾਮਲ ਹਨ, ਜੋ ਹੁਣ ਤਾਲਿਬਾਨ ਦੀ ਗਿ੍ਰਫ਼ਤਾਰੀ ਜਾਂ ਕੈਨੇਡੀਅਨ ਫ਼ੌਜ ਅਤੇ ਹੋਰ ਸੰਗਠਨਾਂ ਦੇ ਨਾਲ ਕੰਮ ਕਰਨ ਕਰਕੇ ਖਤਰੇ ਵਿਚ ਹਨ।
ਰੱਖਿਆ ਵਿਭਾਗ ਦੀ ਬੁਲਾਰਨ ਜੈਸਿਕਾ ਲਾਮਿਰਾਂਡੇ ਨੇ ਵੀਰਵਾਰ ਨੂੰ ਕਿਹਾ ਕਿ ਸੀ-17 ਨੂੰ ਉਨ੍ਹਾਂ ਯਾਤਰੀਆਂ ਦੀ ਵੱਧ ਤੋਂ ਵੱਧ ਸੰਖਿਆ ਲਈ ਪੁਨਰਗਠਿਤ ਕੀਤਾ ਗਿਆ ਹੈ ਜਿਨ੍ਹਾਂ ਨੂੰ ਉਹ ਲਿਜਾ ਸਕਦੇ ਹਨ ਅਤੇ ਉਨ੍ਹਾਂ ਨੇ ਕਾਬੁਲ ਦੇ ਅੰਦਰ ਅਤੇ ਬਾਹਰ ਉਡਾਣ ਭਰਨੀ ਸ਼ੁਰੂ ਕਰ ਦਿੱਤੀ ਹੈ। ਲਾਮਿਰਾਂਡੇ ਨੇ ਅੱਗੇ ਕਿਹਾ, ‘‘ਸਾਡੀ ਸੀ.ਏ.ਐੱਫ. ਟੀਮਾਂ ਨੂੰ ਜਾਂਚ ਅਤੇ ਕਮਜ਼ੋਰ ਵਿਅਕਤੀਆਂ ਦੀ ਸੂਚੀ ਦਿੱਤੀ ਜਾਵੇਗੀ ਅਤੇ ਉਡਾਣਾਂ ਵਿਚ ਉਨ੍ਹਾਂ ਵਿਅਕਤੀਆਂ ਦੀ ਸਹਾਇਤਾ ਕੀਤੀ ਜਾਵੇਗੀ।’’ ਇਨ੍ਹਾਂ ਉਡਾਣਾਂ ਵਿਚ ਵਿਦੇਸ਼ੀ ਅਤੇ ਅਫਗਾਨ ਨਾਗਰਿਕ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੂੰ ਦੂਜੇ ਦੇਸ਼ਾਂ ਦੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਅਧੀਨ ਸਵੀਕਾਰ ਕੀਤਾ ਗਿਆ ਹੈ।
ਰੱਖਿਆ ਮੰਤਰੀ ਹਰਜੀਤ ਸੱਜਣ ਨੇ ਬੁੱਧਵਾਰ ਰਾਤ ਨੂੰ ਇੱਕ ਟਵੀਟ ਵਿਚ ਕਿਹਾ, ‘‘ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੈਨੇਡੀਅਨ ਆਰਮਡ ਫੋਰਸਿਜ਼ ਦੀਆਂ ਉਡਾਣਾਂ ਛੇਤੀ ਹੀ ਆਪਰੇਸ਼ਨ ਏ.ਈ.ਆਈ.ਜੀ.ਐੱਸ. ਦੇ ਅਧੀਨ ਮੁੜ ਸ਼ੁਰੂ ਹੋਣਗੀਆਂ।’’ ਆਪਰੇਸ਼ਨ ‘ਏਜਿਸ’ ਫ਼ੌਜ ਲਈ ਅਫਗਾਨਿਸਤਾਨ ’ਚ ਨਿਕਾਸੀ ਦੇ ਯਤਨਾਂ ’ਚ ਸਹਾਇਤਾ ਲਈ ਤਿਆਰ ਕੀਤਾ ਗਿਆ ਹੈ।

Share