ਕੈਨੇਡੀਅਨ ਸਕੂਲਾਂ ‘ਚ ਕਿਸਾਨੀ ਸੰਘਰਸ਼ ਬਾਰੇ ਪੜ੍ਹਾਉਣ ‘ਤੇ ਭਾਰਤ ਸਰਕਾਰ ਨੇ ਜਤਾਇਆ ਇਤਰਾਜ਼

129
Share

ਨਿਊਯਾਰਕ/ਟੋਰਾਂਟੋ, 20 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ਦੇ ਟੋਰਾਂਟੋ ਵਿਖੇ ਭਾਰਤੀ ਕੌਂਸਲੇਟ ਵੱਲੋਂ ਇਸ ਗੱਲ ‘ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਕਿ ਗ੍ਰੇਟਰ ਟੋਰਾਂਟੋ ਖੇਤਰ ਦੇ ਸਕੂਲਾ ਵਿਖੇ ਬੱਚਿਆਂ ਨੂੰ ਕਿਸਾਨੀ ਸੰਘਰਸ਼ ਬਾਰੇ ਪੜ੍ਹਾਇਆ ਜਾ ਰਿਹਾ ਹੈ। ਭਾਰਤੀ ਕੌਂਸਲੇਟ ਨੇ ਇੱਕ ਚਿੱਠੀ ਜਰੀਏ ਇਹ ਗੱਲ ਕਹੀ ਹੈ ਕਿ ਪੀਲ, ਟੋਰਾਂਟੋ ਅਤੇ ਯੋਰਕ ਖੇਤਰ ਦੇ ਐਲੀਮੈਂਟਰੀ ਅਤੇ ਹਾਈ ਸਕੂਲਾਂ ਵਿਖੇ ਕਿਸਾਨੀ ਸੰਘਰਸ਼ ਨਾਲ ਸਬੰਧਤ ਜਾਣਕਾਰੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਅਤੇ ਇਸ ਕਾਰਵਾਈ ਨਾਲ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਖਰਾਬ ਹੋ ਸਕਦੇ ਹਨ। ਕੌਂਸਲੇਟ ਦਫਤਰ ਨੇ ਓਂਟਾਰੀਓ ਦੇ ਅੰਤਰਰਾਸ਼ਟਰੀ ਸਬੰਧ ਅਤੇ ਪ੍ਰੋਟੈਕੋਲ ਦਫਤਰ ਨੂੰ ਕਿਹਾ ਹੈ ਕਿ ਉਹ ਇੰਨਾ ਗਤੀਵਿਧੀਆਂ ਦੀ ਜਾਂਚ ਕਰਵਾਉਣ ਜਿਸ ਨਾਲ ਭਾਰਤੀ ਸੁਰੱਖਿਆ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ। ਇਸ ਚਿੱਠੀ ‘ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਇਸ ਨੂੰ ਕੈਨੇਡੀਅਨ ਲੋਕਾਂ ਦੀ ਆਵਾਜ ਠੱਪ ਕਰਨ ਵਾਲੀ ਕਾਰਵਾਈ ਦੱਸਿਆ ਹੈ ਅਤੇ ਕਿਹਾ ਹੈ ਕਿ ਭਾਰਤ ਵਿੱਚ ਵੀ ਵੱਖ-ਵੱਖ ਢੰਗਾ ਨਾਲ ਲੋਕਾਂ ਦੀ ਆਵਾਜ ਇਸੇ ਢੰਗ ਨਾਲ ਹੀ ਬੰਦ ਕੀਤੀ ਜਾ ਰਹੀ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਵਕੀਲ ਬਲਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਹ ਕਾਰਵਾਈ ਕੈਨੇਡੀਅਨ ਸਿਸਟਮ ਵਿੱਚ ਭਾਰਤ ਦੀ ਸਿੱਧੀ ਦਖਲਅੰਦਾਜ਼ੀ ਹੈ।ਪੀਲ ਸਕੂਲ ਬੋਰਡ ਨੇ ਕਿਹਾ ਹੈ ਕਿ ਉਹ ਆਪਣੇ ਸਕੂਲਾਂ ਵਿਖੇ ਅਧਿਆਪਕਾ ਨੂੰ ਆਪਣੇ ਵਿਦਿਆਰਥੀਆਂ ਨਾਲ ਵੱਖ-ਵੱਖ ਵਿਸ਼ਿਆ ‘ਤੇ ਵਿਚਾਰ ਵਟਾਂਦਰਾ ਨਾ ਕਰਨ ਲਈ ਨਹੀਂ ਕਹੇਗੀ। ਦੂਜੇ ਪਾਸੇ ਭਾਰਤੀ ਮੂਲ ਦੇ ਕੁਝ ਮਾਪਿਆਂ ਵੱਲੋਂ ਵੀ ਭਾਰਤੀ ਕੌਂਸਲੇਟ ਦਫਤਰ ਨਾਲ ਸੰਪਰਕ ਕਰਕੇ ਸਕੂਲਾਂ ਵਿਖੇ ਪੜ੍ਹਾਏ ਜਾ ਰਹੇ ਵਿਸ਼ਿਆਂ ‘ਤੇ ਇਤਰਾਜ਼ ਜਤਾਇਆ ਗਿਆ ਸੀ।


Share