ਕੈਨੇਡਾ ਸਰਕਾਰ ਵੱਲੋਂ ਦੇਸ਼ ‘ਚ ਕੂਟਨੀਤਕਾਂ ਨੂੰ ਦਾਖਲਾ ਦੇਣ ਦਾ ਫੈਸਲਾ

524
Share

ਟੋਰਾਂਟੋ, 24 ਜੁਲਾਈ (ਪੰਜਾਬ ਮੇਲ)-ਕੋਰੋਨਾ ਕਾਰਨ ਕੈਨੇਡਾ ਸਰਕਾਰ ਨੇ ਦੇਸ਼ ਵਿਚ ਵਿਦੇਸ਼ੀ ਨਾਗਰਿਕਾਂ ਦੇ ਦਾਖਲ ਹੋਣ ‘ਤੇ 31 ਜੁਲਾਈ ਤੱਕ ਰੋਕ ਲਾਈ ਹੋਈ ਹੈ। ਬੀਤ ਦਿਨੀਂ ਵਿਦੇਸ਼ ਵਿਭਾਗ ਨੇ ਵਿਦੇਸ਼ੀ ਰਾਜਦੂਤਾਂ ਦੇ ਮਾਨਤਾ ਪ੍ਰਾਪਤ ਕੂਟਨੀਤਕਾਂ, ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਸ਼ ‘ਚ ਦਾਖਲਾ ਦੇਣ ਦਾ ਫੈਸਲਾ ਕੀਤਾ ਹੈ । ਇਹ ਖੁੱਲ੍ਹ ਸੰਯੁਕਤ ਰਾਸ਼ਟਰ ਸੰਘ ਦੇ ਨੁਮਾਇੰਦਿਆਂ ਨੂੰ ਵੀ ਦਿੱਤੀ ਗਈ ਹੈ। ਅਜਿਹੇ ਹਰੇਕ ਵਿਅਕਤੀ ਨੂੰ ਅਗਾਊਂ ਕੈਨੇਡਾ ਦਾ (ਡੀ-1 ਜਾਂ ਓ-1) ਵੀਜ਼ਾ ਲੈਣਾ ਲਾਜ਼ਮੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੈਨੇਡਾ ਦੇ ਵਿਦੇਸ਼ ਮੰਤਰਾਲੇ ਤੋਂ ਪ੍ਰਵਾਨਗੀ ਪੱਤਰ ਮਿਲ ਸਕੇਗਾ। ਕੈਨੇਡਾ ਵਿਚ ਐਂਟਰੀ ਸੀਮਤ ਕੀਤੀ ਗਈ ਹੋਣ ਕਾਰਨ ਕੈਨੇਡੀਅਨਾਂ ਅਤੇ ਪੀ. ਆਰ. ਤੋਂ ਬਿਨਾਂ ਹਰੇਕ ਵਿਅਕਤੀ ਨੂੰ ਸਾਬਿਤ ਕਰਨਾ ਪੈਂਦਾ ਹੈ ਕਿ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਦੇ ਬਾਵਜੂਦ ਉਸ ਦਾ ਕੈਨੇਡਾ ਆਉਣਾ ਕਿਉਂ ਜ਼ਰੂਰੀ ਹੈ । ਵਰਕ ਪਰਮਿਟ ਅਤੇ ਸਟੱਡੀ ਪਰਮਿਟ ਧਾਰਕਾਂ ਨੂੰ ਵੀ ਪੜਤਾਲ ਤੋਂ ਬਾਅਦ ਹੀ ਦਾਖਲ ਕੀਤਾ ਜਾਂਦਾ ਹੈ, ਕਿਉਂਕਿ ਵੀ ਬਹੁਤ ਸਾਰੇ ਕਾਰੋਬਾਰ ਤੇ ਸਾਰੇ ਵਿਦਿਅਕ ਅਦਾਰੇ ਬੰਦ ਹਨ ਅਤੇ ਆਨਲਾਈਨ ਪੜ੍ਹਾਈ ਦਾ ਰੁਝਾਨ ਪੱਕਾ ਹੁੰਦਾ ਜਾ ਰਿਹਾ ਹੈ। ਇਸੇ ਦੌਰਾਨ ਜਾਣਕਾਰੀ ਮਿਲ ਰਹੀ ਹੈ ਕਿ ਕੈਨੇਡਾ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਗਈ ਹੈ, ਕਿਉਂਕਿ ਉਹ ਆਪਣੇ ਦੇਸ਼ ਵਿਚ ਰਹਿ ਕੇ ਆਨਲਾਈਨ ਪੜ੍ਹਨ ਤੋਂ ਸੰਤੁਸ਼ਟ ਨਹੀਂ ਹਨ।


Share