ਕੈਨੇਡਾ ਵੱਲੋਂ 90 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਨੂੰ ਸਥਾਈ ਨਿਵਾਸ ਦੇਣ ਦਾ ਐਲਾਨ

151
Share

-ਮਹਾਮਾਰੀ ਦੌਰਾਨ ਮਰੀਜ਼ਾਂ ਦੇ ਇਲਾਜ ’ਚ ਕੀਤੀ ਸੀ ਮਦਦ
ਓਟਵਾ, 15 ਅਪ੍ਰੈਲ (ਪੰਜਾਬ ਮੇਲ)-ਕੈਨੇਡਾ ਨੇ 90 ਹਜ਼ਾਰ ਤੋਂ ਜ਼ਿਆਦਾ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਸਥਾਈ ਨਿਵਾਸ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੇ ਮਹਾਮਾਰੀ ਦੌਰਾਨ ਮਰੀਜ਼ਾਂ ਦੇ ਇਲਾਜ ਵਿਚ ਮਦਦ ਕੀਤੀ ਸੀ। ਇਸ ਦਾ ਐਲਾਨ ਬੁੱਧਵਾਰ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਕੀਤਾ। ਇਹ ਪ੍ਰੋਗਰਾਮ 6 ਮਈ ਤੋਂ ਪ੍ਰਭਾਵਸ਼ਾਲੀ ਹੈ। ਇਸ ਤਹਿਤ ਕੈਨੇਡਾ ਵਿਚ ਸਿੱਖਿਆ ਪ੍ਰਾਪਤ ਕਰ ਚੁੱਕੇ 40,000 ਭਾਰਤੀ ਵਿਦਿਆਰਥੀਆਂ ਨੂੰ ਪੱਕਾ ਕੀਤਾ ਜਾਵੇਗਾ।
ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਕਿ ਇਸ ਸਾਲ ਕੈਨੇਡਾ ਨੂੰ 4 ਲੱਖ ਤੋਂ ਜ਼ਿਆਦਾ ਪ੍ਰਵਾਸੀਆਂ ਦੇ ਸਵਾਗਤ ਦੇ ਆਪਣੇ ਟੀਚੇ ਤੱਕ ਪਹੁੰਚਣ ਵਿਚ ਮਦਦ ਮਿਲੇਗੀ। ਇਕ ਸਮਾਚਾਰ ਸੰਮੇਲਨ ਵਿਚ ਉਨ੍ਹਾਂ ਕਿਹਾ, ‘ਮਹਾਮਾਰੀ ਨੇ ਪ੍ਰਵਾਸੀਆਂ ਦੇ ਅਵਿਸ਼ਵਾਸਯੋਗ ਯੋਗਦਾਨ ’ਤੇ ਰੌਸ਼ਨੀ ਪਾਈ ਹੈ।’
ਉਨ੍ਹਾਂ ਕਿਹਾ ਕਿ ਇਨ੍ਹਾਂ ਨਵੀਆਂ ਨੀਤੀਆਂ ਨਾਲ ਕੈਨੇਡਾ ਵਿਚ ਆਪਣੇ ਭਵਿੱਖ ਦੀ ਯੋਜਨਾ ਬਣਾਉਣ ਲਈ ਅਸਥਾਈ ਸਥਿਤੀ ਵਾਲੇ ਲੋਕਾਂ ਨੂੰ ਮਦਦ ਮਿਲੇਗੀ, ਜੋ ਦੇਸ਼ ਦੇ ਆਰਥਿਕ ਸੁਧਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਤੇ ਬਿਹਤਰ ਨਿਰਮਾਣ ਵਿਚ ਮਦਦ ਕਰਨਗੇ।’ ਇਮੀਗ੍ਰੇਸ਼ਨ ਮੰਤਰੀ ਦੀ ਇਸ ਐਲਾਨ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ।
ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਡਗਮਗਾ ਗਿਆ ਸੀ ਅਤੇ ਮਿਲੀਆਂ ਹੋਈਆਂ ਅਰਜ਼ੀਆਂ ਦਾ ਨਿਪਟਾਰਾ ਰੋਕਣਾ ਪਿਆ ਸੀ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਸਮੇਤ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ’ਚ ਬਹੁਤ ਸਾਰੇ ਵੀਜ਼ਾ ਐਪਲੀਕੇਸ਼ਨ ਸੈਂਟਰ ਤੇ ਵੀਜ਼ਾ ਸੁਪੋਰਟ ਸੈਂਟਰ ਦੁਬਾਰਾ ਖੁੱਲ੍ਹ ਚੁੱਕੇ ਹਨ। ਅਜਿਹੇ ’ਚ ਜਿਨ੍ਹਾਂ ਲੋਕਾਂ ਦੀਆਂ ਅਰਜ਼ੀਆਂ ਅਧੂਰੀਆਂ ਹਨ ਅਤੇ ਹੋਰ ਦਸਤਾਵੇਜ਼ ਦੇਣ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਆਪਣੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਚਿੱਠੀਆਂ (ਜਾਂ ਈਮੇਲ) ਭੇਜੀਆਂ ਜਾ ਰਹੀਆਂ ਹਨ ਅਤੇ ਦਸਤਾਵੇਜ਼ ਭੇਜਣ ਲਈ ਸੀਮਤ ਸਮਾਂ (30 ਦਿਨ) ਦਿੱਤਾ ਜਾ ਰਿਹਾ ਹੈ। ਇਹ ਵੀ ਕਿ ਜੋ ਲੋਕ ਕੋਰੋਨਾ ਵਾਇਰਸ ਦੀਆਂ ਰੁਕਾਵਟਾਂ ਕਾਰਨ ਆਪਣੇ ਦਸਤਾਵੇਜ਼ ਸਮੇਂ ਸਿਰ ਜਮ੍ਹਾ ਨਹੀਂ ਕਰਵਾ ਸਕਦੇ, ਉਹ ਚਿੱਠੀ ਲਿਖ ਕੇ ਇਕ ਮਹੀਨੇ ਜਾਂ ਵੱਧ ਦੀ ਮੋਹਲਤ ਵੀ ਲੈ ਸਕਣਗੇ। ਜੋ ਅਰਜ਼ੀਕਰਤਾ ਲੋੜੀਂਦੇ ਦਸਤਾਵੇਜ਼ ਜਮ੍ਹਾ ਨਹੀਂ ਕਰਵਾਉਣਗੇ ਅਤੇ ਨਾ ਹੀ ਚਿੱਠੀ ਰਾਹੀਂ ਆਪਣੀ ਸਥਿਤੀ ਸਪੱਸ਼ਟ ਕਰਨਗੇ, ਉਨ੍ਹਾਂ ਦੀ ਅਰਜ਼ੀ ਦਾ ਫ਼ੈਸਲਾ (ਰੱਦ) ਕਰ ਦਿੱਤਾ ਜਾਵੇਗਾ। ਟੀਕਾਕਰਨ ਮੁਹਿੰਮ ਤੋਂ ਬਾਅਦ ਹਾਲਾਤ ਸੁਧਰਨ ਮਗਰੋਂ ਕੈਨੇਡਾ ਸਰਕਾਰ ਨੇ ਵਿਦੇਸ਼ੀਆਂ ਤੋਂ ਰੋਕਾਂ (ਅਕਤੂਬਰ ਤੱਕ) ਹਟਾ ਲੈਣੀਆਂ ਹਨ, ਜਿਸ ਕਰਕੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਮਿਲੀਆਂ ਹੋਈਆਂ ਅਰਜ਼ੀਆਂ ਉਪਰ ਕੰਮ ਤੇਜ਼ੀ ਨਾਲ਼ ਕੀਤਾ ਜਾਣ ਲੱਗਾ ਹੈ ਤਾਂ ਕਿ ਰੋਕਾਂ ਹਟਣ ਤੋਂ ਬਾਅਦ ਵੀਜ਼ਾਧਾਰਕ ਲੋਕ ਕੈਨੇਡਾ ਪਹੁੰਚ ਸਕਣ। ਹਾਲ ਦੀ ਘੜੀ ਜਿਨ੍ਹਾਂ ਸੈਲਾਨੀ ਵੀਜ਼ਾ ਜਾਂ ਪੱਕੇ ਵੀਜ਼ਾ ਦੇ ਅਰਜ਼ੀਕਰਤਾਵਾਂ ਦੀਆਂ ਅਰਜ਼ੀਆਂ ਮਨਜ਼ੂਰ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੂੰ (ਰੋਕਾਂ ਕਾਰਨ) ਸਫਰ ਦੀ ਇਜਾਜ਼ਤ ਨਹੀਂ ਮਿਲ ਰਹੀ। ਇਸੇ ਦੌਰਾਨ ਕੈਨੇਡਾ ’ਚ ਹਵਾਈ ਅੱਡੇ ਅੰਦਰ ਪਹੁੰਚਣ ਮਗਰੋਂ ਕੋਰੋਨਾ ਵਾਇਰਸ ਦੇ ਟੈਸਟ ਅਤੇ 3 ਦਿਨ ਹੋਟਲਾਂ ’ਚ ਰਹਿਣ ਦੀ ਸ਼ਰਤ ਵੀ ਵਿਦੇਸ਼ਾਂ ਤੋਂ ਪੁੱਜ ਰਹੇ ਸਾਰੇ ਲੋਕਾਂ ਉਪਰ ਇਕਸਾਰ ਲਾਗੂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਹਾਲ ਦੀ ਘੜੀ ਕੈਨੇਡਾ ਤੋਂ ਬਾਹਰ ਨਾ ਜਾਣ ਦੀ ਅਪੀਲ ਕੀਤੀ ਹੋਈ ਹੈ।

Share