ਕੈਨੇਡਾ ਵੱਲੋਂ ਰੂਸ ’ਚ ਬਣੀਆਂ ਵਸਤਾਂ ਦਾ ਬਾਈਕਾਟ

272
Share

ਵੈਨਕੂਵਰ, 27 ਫਰਵਰੀ (ਪੰਜਾਬ ਮੇਲ)- ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਦਾ ਵਿਰੋਧ ਕਰਨ ਲਈ ਕੈਨੇਡਾ ਦੀ ਸੰਘੀ ਸਰਕਾਰ ਵੱਲੋਂ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਸੂਬਾ ਸਰਕਾਰਾਂ ਵੱਲੋਂ ਵੀ ਰੂਸ ’ਚ ਬਣੀਆਂ ਵਸਤਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਜਾ ਰਿਹਾ ਹੈ। ਓਨਟਾਰੀਓ, ਅਲਬਰਟਾ, ਮੈਨੀਟੋਬਾ, ਨੋਵਾ ਸਕੋਸ਼ੀਆ, ਨਿਊ ਬਰੰਸਵਿਕ ਅਤੇ ਨਾਲ ਲੱਗਦੇ ਸੂਬਿਆਂ ਨੇ ਪਹਿਲਾਂ ਹੀ ਬਾਈਕਾਟ ਦਾ ਐਲਾਨ ਕਰ ਦਿੱਤਾ ਸੀ। ਉੱਧਰ, ਬਿ੍ਰਟਿਸ਼ ਕੋਲੰਬੀਆ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਕੈਵਿਨ ਫਾਲਕਨ ਵੱਲੋਂ ਮੰਗ ਕੀਤੇ ਜਾਣ ਤੋਂ ਘੰਟੇ ਕੁ ਬਾਅਦ ਲੋਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਸੂਬੇ ’ਚ ਸਥਿਤ ਸ਼ਰਾਬ ਦੇ ਠੇਕਿਆਂ ’ਤੇ ਰੂਸ ਤੋਂ ਆਈ ਸ਼ਰਾਬ ਦੀ ਵਿਕਰੀ ਫ਼ੌਰੀ ਤੌਰ ’ਤੇ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਓਨਟਾਰੀਓ ਦੇ ਵਿੱਤ ਮੰਤਰੀ ਪੀਟਰ ਬੈਥਲੈਵਲਵੀ ਨੇ ਓਨਟਾਰੀਓ ਲਿੱਕਰ ਕੰਟੋਰਲ ਬੋਰਡ ਨੂੰ ਕਹਿ ਦਿੱਤਾ ਸੀ ਕਿ 24 ਘੰਟਿਆਂ ’ਚ ਰੂਸੀ ਸ਼ਰਾਬ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਜਾਵੇ। ਲੋਕ ਸੁਰੱਖਿਆ ਮੰਤਰੀ ਮਾਈਕ ਫਰਨਵਰਥ ਨੇ ਬਿਆਨ ਜਾਰੀ ਕਰਦਿਆਂ ਕਿਹਾ, ‘‘ਕੈਨੇਡਾ ਦੇ ਲੋਕ ਹਮੇਸ਼ਾ ਸ਼ਾਂਤੀ ਦੇ ਹਾਮੀ ਰਹੇ ਹਨ ਅਤੇ ਅਸੀਂ ਹਰ ਤਰ੍ਹਾਂ ਇਨ੍ਹਾਂ ਲੋਕਾਂ ਦੇ ਨਾਲ ਖੜ੍ਹਾਂਗੇ। ਰੂਸ ਦੀ ਬਣੀ ਸ਼ਰਾਬ ਤੇ ਹੋਰ ਵਸਤਾਂ ਦੀ ਦਰਾਮਦ ਬੰਦ ਕੀਤੀ ਜਾਵੇ।’’ ਮੁੱਖ ਮੰਤਰੀ ਜੌਹਨ ਹੌਰਗਨ ਨੇ ਕਿਹਾ ਹੈ ਕਿ ਉਹ ਸੰਘੀ ਸਰਕਾਰ ਦੇ ਹਰ ਹੁਕਮ ’ਤੇ ਫੁੱਲ ਚੜ੍ਹਾਉਣਗੇ। ਇੱਥੋਂ ਦੇ ਆਮ ਲੋਕਾਂ ਵੱਲੋਂ ਵੀ ਰੂਸ ਦੇ ਰਾਸਟਰਪਤੀ ਵਲਾਦੀਮੀਰ ਪੂਤਿਨ ਦੀ ਆਲੋਚਨਾ ਕੀਤੀ ਜਾ ਰਹੀ ਹੈ। ਭਾਰਤੀ ਮੂਲ ਦੇ ਲੋਕਾਂ ਵੱਲੋਂ ਯੂਕਰੇਨ ’ਚ ਫਸੇ ਭਾਰਤੀਆਂ ਬਾਰੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ।

Share