ਕੈਨੇਡਾ ਵਿਦੇਸ਼ ਮੰਤਰਾਲਾ ਲਵਪ੍ਰੀਤ ਤੇ ਬੇਅੰਤ ਕੌਰ ਕੇਸ ’ਚ ਬਾਰੀਕੀ ਨਾਲ ਕਰੇਗਾ ਪੜਤਾਲ

122
Share

-ਮਨੀਸ਼ਾ ਗੁਲਾਟੀ ਵੱਲੋਂ ਲਿਖੀ ਚਿੱਠੀ ਦਾ ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਦਿੱਤਾ ਜਵਾਬ
– ਕਿਹਾ: ਕੈਨੇਡਾ ਸੀਮਾ ਏਜੰਸੀ ਮਾਮਲੇ ਦੀ ਪੜਤਾਲ ਲਈ ਪੂਰੀ ਤਰ੍ਹਾਂ ਵਚਨਬੱਧ
ਚੰਡੀਗੜ੍ਹ, 28 ਮਾਰਚ (ਪੰਜਾਬ ਮੇਲ)- ਲਵਪ੍ਰੀਤ ਅਤੇ ਬੇਅੰਤ ਕੌਰ ਮਾਮਲੇ ’ਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖੀ ਚਿੱਠੀ ਦਾ ਜਵਾਬ ਬੀਤੇ ਦਿਨ ਆ ਗਿਆ। ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਕੈਨੇਡਾ ਦੇ ਵਿਦੇਸ਼ ਮੰਤਰਾਲੇ ਤੋਂ ਆਈ ਚਿੱਠੀ ’ਚ ਲਿਖਿਆ ਗਿਆ ਹੈ, ‘‘ਚਿੱਠੀ ਦਾ ਜਵਾਬ ਦੇਣ ’ਚ ਦੇਰ ਹੋ ਗਈ, ਇਸ ਦੇ ਲਈ ਅਸੀਂ ਮੁਆਫ਼ੀ ਚਾਹੁੰਦੇ ਹਾਂ। ਹੁਣ ਸਾਡੀ ਕੈਨੇਡਾ ਸੀਮਾ ਏਜੰਸੀ ਇਸ ਮਾਮਲੇ ਦੀ ਪੜਤਾਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਤੋਂ ਆਉਣ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਧੋਖਾ ਸਵੀਕਾਰ ਨਹੀਂ ਕਰਾਂਗੇ। ਹੁਣ ਇਹੋ ਜਿਹੇ ਲੋਕਾਂ ਨੂੰ ਬੈਨ ਕੀਤਾ ਜਾਵੇਗਾ। ਹੁਣ ਅਸੀਂ ਇਸ ਨੂੰ ਬਹੁਤ ਹੀ ਬਾਰੀਕੀ ਨਾਲ ਦੇਖਾਂਗੇ। ਸਾਡਾ ਮੰਤਰਾਲੇ ਇਸ ’ਤੇ ਹੁਣ ਤੇਜ਼ੀ ਨਾਲ ਕੰਮ ਕਰੇਗਾ।
ਦੱਸਣਯੋਗ ਹੈ ਕਿ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰਾ ਦੇ ਨੌਜਵਾਨ ਲਵਪ੍ਰੀਤ ਸਿੰਘ ਨੇ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਦੇ ਧੋਖੇ ਕਾਰਨ ਖ਼ੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਮਨੀਸ਼ਾ ਗੁਲਾਟੀ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਸਬੰਧੀ ਚਿੱਠੀ ਲਿਖੀ ਗਈ ਸੀ।

Share