ਕੈਨੇਡਾ ਵਿਚ ਬੋਇੰਗ 737 ਮੈਕਸ ਨੂੰ ਫਿਰ ਉਡਾਣ ਭਰਨ ਦੀ ਮਿਲੀ ਇਜਾਜ਼ਤ

452
Share

ਓਟਾਵਾ- ਕੈਨੇਡਾ ਵਿਚ ਬੋਇੰਗ ਕੰਪਨੀ ਦੇ 737 ਮੈਕਸ ਜਹਾਜ਼ਾਂ ਨੂੰ ਮੁੜ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਟਰਾਂਸਪੋਰਟ ਮੰਤਰਾਲੇ ਨੇ ਇਨ੍ਹਾਂ ਜਹਾਜ਼ਾਂ ਨੂੰ ਮੁੜ ਸੇਵਾਵਾਂ ਲਈ ਹਰੀ ਝੰਡੀ ਦੇ ਦਿੱਤੀ ਹੈ। ਦੋ ਹਾਦਸੇ ਵਾਪਰਨ ਮਗਰੋਂ ਲਗਭਗ ਇਕ ਸਾਲ ਤੋਂ ਬੰਦ ਪਏ ਬੋਇੰਗ ਦੇ ਇਹ ਜਹਾਜ਼ ਮੁੜ ਤੋਂ ਆਸਮਾਨ ਵਿਚ ਉੱਡਣਗੇ।

ਦੱਸ ਦੇਈਏ ਕਿ ਬੋਇੰਗ ਕੰਪਨੀ ਦੇ 737 ਮੈਕਸ ਜਹਾਜ਼ਾਂ ’ਤੇ ਇਸ ਕਾਰਨ ਪਾਬੰਦੀ ਲਾਈ ਗਈ ਸੀ ਕਿਉਂਕਿ ਇਸ ਦੇ ਦੋ ਜਹਾਜ਼ ਹਾਦਸਾਗ੍ਰਸਤ ਹੋ ਗਏ ਸਨ, ਜਿਸ ਕਾਰਨ 346 ਯਾਤਰੀਆਂ ਦੀ ਜਾਨ ਚਲੀ ਗਈ ਸੀ। ਮਰਨ ਵਾਲਿਆਂ ਵਿਚੋਂ 18 ਕੈਨੇਡੀਅਨ ਨਾਗਰਿਕ ਵੀ ਸਨ। ਕਿਹਾ ਜਾ ਰਿਹਾ ਸੀ ਕਿ ਇਨ੍ਹਾਂ ਜਹਾਜ਼ਾਂ ਵਿਚ ਕਈ ਕਮੀਆਂ ਹਨ, ਜਿਸ ਕਾਰਨ ਇਨ੍ਹਾਂ ਨਾਲ ਹਾਦਸੇ ਵਾਪਰੇ ਹਨ। ਇਸ ’ਤੇ ਕੈਨੇਡਾ ਸਰਕਾਰ ਨੇ ਇਨ੍ਹਾਂ ’ਤੇ ਪਾਬੰਦੀਆਂ ਲਾਉਣ ਦਾ ਐਲਾਨ ਕਰ ਦਿੱਤਾ ਸੀ। ਹਾਦਸਿਆਂ ਵਿਚ ਆਪਣੇ ਪਰਿਵਾਰਾਂ ਤੇ ਦੋਸਤਾਂ ਨੂੰ ਗੁਆਉਣ ਵਾਲੇ ਲੋਕਾਂ ਦੀ ਮੰਗ ਹੈ ਕਿ ਇਸ ਕੰਪਨੀ ਦੇ ਜਹਾਜ਼ਾਂ ਨੂੰ ਕਦੇ ਵੀ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

ਇਸ ਬਿਆਨ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਟਰਾਂਸਪੋਰਟ ਕੈਨੇਡਾ ਲਗਭਗ 15 ਹਜ਼ਾਰ ਘੰਟੇ ਜਾਂਚ ਵਿਚ ਬਤੀਤ ਕਰ ਚੁੱਕੀ ਹੈ । ਇਸ ਦੇ ਨਾਲ ਹੀ ਜਹਾਜ਼ ਦੇ ਡਿਜ਼ਾਇਨ ਆਦਿ ਵਿਚ ਜੋ ਕਮੀਆਂ ਹਨ, ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਏਅਰ ਕੈਨੇਡਾ ਅਤੇ ਵੈਸਟ ਜੈੱਟ ਨੇ ਆਪਣੇ ਪਾਇਲਟਾਂ ਨੂੰ ਇਸ ਸਬੰਧੀ ਸਿਖਲਾਈ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ।


Share