ਓਟਾਵਾ, 26 ਅਗਸਤ (ਪੰਜਾਬ ਮੇਲ)- ਕੋਰੋਨਾਵਾਇਰਸ ਦੌਰਾਨ ਲੱਗੀ ਤਾਲਾਬੰਦੀ ‘ਚ ਬੰਦ ਹੋਈਆਂ ਫਲਾਈਟਾਂ ਕਾਰਨ ਬਹੁਤ ਸਾਰੇ ਲੋਕ ਵਾਪਸ ਕੈਨੇਡਾ ਨਹੀਂ ਜਾ ਸਕੇ। ਜਿਹੜੇ ਲੋਕ ਵਿਦੇਸ਼ਾਂ ‘ਚ ਫਸੇ ਹੋਏ ਹਨ ਤੇ ਵਾਪਸ ਕੈਨੇਡਾ ਆਉਣਾ ਚਾਹੁੰਦੇ ਹਨ, ਉਨ੍ਹਾਂ ਲਈ ਕੈਨੇਡਾ ਸਰਕਾਰ ਵੱਲੋਂ ਜ਼ਰੂਰੀ ਹਿਦਾਇਤਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਕੀਤਾ ਗਿਆ ਹੈ। ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਗੈਰ-ਜ਼ਰੂਰੀ ਯਾਤਰਾ ਕਰਨ ‘ਤੇ ਵਿਚਾਰ ਕਰਨ ਲਈ ਕਿਹਾ ਹੈ।
ਜਹਾਜ਼ ‘ਚ ਦੋ ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਮਾਸਕ ਨਾਲ ਚਿਹਰਾ ਢੱਕ ਕੇ ਰੱਖਣਾ ਪਵੇਗਾ।
ਯਾਤਰੀ ਆਪਣੇ ਮੋਬਾਇਲ ਵਿਚ ‘ਅਰਾਇਵਕੈਨ ਐਪ’ ਭਰੇ ਅਤੇ ਕੈਨੇਡਾ ਪੁੱਜਣ ਤੋਂ 48 ਘੰਟੇ ਪਹਿਲਾਂ ਇਸ ਵਿਚ ਆਪਣੀ ਜਾਣਕਾਰੀ ਲਿਖ ਕੇ ਜਮ੍ਹਾਂ ਕਰੇ।
ਉਹ 14 ਦਿਨਾਂ ਲਈ ਇਕਾਂਤਵਾਸ ਰਹੇ। ਇਕਾਂਤਵਾਸ ਲਈ ਜਾਣ ਸਮੇਂ ਵੀ ਯਾਤਰੀ ਨੂੰ ਆਪਣਾ ਚਿਹਰਾ ਢੱਕ ਕੇ ਰੱਖਣਾ ਪਵੇਗਾ। ਸਰਕਾਰ ਵਲੋਂ ਸਖਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੈਨੇਡਾ ਦੀ ਸਰਹੱਦ ਪਾਰ ਕਰਨ ਲਈ 14 ਦਿਨਾਂ ਤੱਕ ਇਕਾਂਤਵਾਸ ਰਹਿਣਾ ਪਵੇਗਾ।
ਬੀਤੇ ਦਿਨ ਕੈਨੇਡਾ ਸੰਘੀ ਸਰਕਾਰ ਵਲੋਂ ਸਾਂਝੇ ਕੀਤੇ ਗਏ ਇਕ ਡਾਟੇ ‘ਚ ਦੱਸਿਆ ਗਿਆ ਸੀ ਕਿ 1 ਅਗਸਤ ਤੋਂ 18 ਅਗਸਤ ਵਿਚਕਾਰ ਕੈਨੇਡਾ ‘ਚ 56 ਉਡਾਣਾਂ ਪੁੱਜੀਆਂ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਕੋਰੋਨਾ ਪੀੜਤ ਮਰੀਜ਼ ਸਨ। ਇਨ੍ਹਾਂ ਸਾਰਿਆਂ ਨੂੰ ਵੱਖਰਾ ਰੱਖਿਆ ਗਿਆ ਹੈ ਤੇ ਸਰਕਾਰ ਨੇ ਯਾਤਰੀਆਂ ਨੂੰ ਸਖਤ ਹਿਦਾਇਤਾਂ ਦੀ ਪਾਲਣਾ ਕਰਨ ਲਈ ਹੁਕਮ ਦਿੱਤੇ ਹਨ।