ਕੈਨੇਡਾ ਰਹਿ ਰਹੇ ਮੁੰਡੇ ਨੂੰ ਮੰਗਣੀ ਤੋੜਣ ਲਈ ਮਜਬੂਰ ਕਰਦਿਆਂ ਮੰਗੀ 2 ਕਰੋੜ ਦੀ ਫਿਰੌਤੀ

90
Share

ਅੰਮਿ੍ਰਤਸਰ, 14 ਜੂਨ (ਪੰਜਾਬ ਮੇਲ)- ਕੈਨੇਡਾ ’ਚ ਰਹਿ ਰਹੇ ਮੁੰਡੇ ਨੂੰ ਮੰਗਣੀ ਤੋੜਣ ਲਈ ਮਜ਼ਬੂਰ ਕਰਦਿਆਂ 2 ਕਰੋੜ ਦੀ ਫ਼ਿਰੌਤੀ ਮੰਗਣ ਵਾਲੇ 3 ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਕੀਤੀ ਸ਼ਿਕਾਇਤ ’ਚ ਨਰੇਸ਼ ਕੁਮਾਰ ਖੰਨਾ ਨੇ ਦੱਸਿਆ ਕਿ ਉਸ ਦਾ ਮੁੰਡਾ ਗਗਨ ਖੰਨਾ ਕੈਨੇਡਾ ’ਚ ਰਹਿੰਦਾ ਹੈ।
ਉਸ ਨੇ ਦੱਸਿਆ ਕਿ ਕੈਨੇਡਾ ਵਾਸੀ ਸਾਹਿਲ ਅਤੇ ਮੋਹਪ੍ਰੀਤ ਸਿੰਘ ਤੋਂ ਇਲਾਵਾ ਅੰਮਿ੍ਰਤਸਰ ਮਹਿਤਾ ਰੋਡ ਵਾਸੀ ਹਰਮਨਪ੍ਰੀਤ ਸਿੰਘ, ਉਸ ਦੇ ਮੁੰਡੇ ਨੂੰ ਵੱਖ-ਵੱਖ ਨੰਬਰਾਂ ਤੋਂ ਫ਼ੋਨ ਕਰਕੇ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਮੇਰੇ ਮੁੰਡੇ ਤੋਂ 2 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਹੈ। ਫ਼ਿਰੌਤੀ ਦੇ 2 ਕਰੋੜ ਨਾ ਦੇਣ ਦੀ ਸੂਰਤ ’ਚ ਉਕਤ ਲੋਕ ਸਾਨੂੰ ਪਿਉ-ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਏ.ਸੀ.ਪੀ. ਨਾਰਥ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਮਾਮਲੇ ਦੀ ਮੁੱਢਲੀ ਛਾਣਬੀਣ ’ਚ ਸਾਹਮਣੇ ਆਇਆ ਹੈ ਕਿ ਕੈਨੇਡਾ ਵਾਸੀ ਗਗਨ ਖੰਨਾ ਦਾ ਕਿਸੇ ਕੁੜੀ ਨਾਲ ਉੱਥੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ। ਕੈਨੇਡਾ ਵਾਸੀ ਦੋਵੇਂ ਮੁੰਡੇ ਸਾਹਿਲ ਅਤੇ ਮੋਹਪ੍ਰੀਤ ਸਿੰਘ ਉਸ ਨੂੰ ਇਸ ਰਿਸ਼ਤੇ ਤੋਂ ਦੂਰੀ ਬਣਾਉਣ ਲਈ ਮਜਬੂਰ ਕਰ ਰਹੇ ਸਨ, ਜੋ ਬਾਅਦ ’ਚ ਰਕਮ ਵਸੂਲੀ ਲਈ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਏ.ਸੀ.ਪੀ. ਬਾਜਵਾ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

Share