ਸਰੀ, 27 ਜਨਵਰੀ (ਹਰਦਮ ਮਾਨ/ਪੰਜਾਬ ਮੇਲ)-ਜਿੱਥੇ ਅੱਜ ਵਿਦੇਸ਼ਾਂ ਵਿੱਚ ਭਾਰਤੀ ਗਣਤੰਤਰ ਦਿਵਸ ( 26 ਜਨਵਰੀ) ਮਨਾਇਆ ਜਾ ਰਿਹਾ ਸੀ ਉੱਥੇ ਹੀ ਬੀ.ਸੀ. ਦੇ 100 ਤੋਂ ਵੱਧ ਸਿੱਖਾਂ ਨੇ ਅੱਜ ਇੰਡੀਅਨ ਕੌਂਸਲੇਟ ਦਫਤਰ ਵੈਨਕੂਵਰ ਦੇ ਸਾਹਮਣੇ ਇਕੱਠੇ ਹੋ ਕੇ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਵਿੱਚ ਵੈਨਕੂਵਰ, ਸਰੀ, ਐਬਟਸਫੋਰਡ, ਡੈਲਟਾ, ਬਰਨਬੀ ਅਤੇ ਹੋਰ ਸ਼ਹਿਰਾਂ ਤੋਂ ਸਿੱਖ ਸ਼ਾਮਲ ਹੋਏ। ਮੁਜ਼ਾਹਰਾ ਕਰ ਰਹੇ ਸਿੱਖਾਂ ਨੇ ਆਪਣੇ ਹੱਥਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਨਰ ਅਤੇ ਕੇਸਰੀ ਝੰਡੇ ਫੜ੍ਹੇ ਹੋਏ ਸਨ।
ਇਸ ਮੌਕੇ ਬੋਲਦਿਆਂ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਸਰੀ ਡੈਲਟਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ, ਸੈਕਟਰੀ ਗੁਰਮੀਤ ਸਿੰਘ ਤੂਰ, ਸਾਬਕਾ ਸੈਕਟਰੀ ਭਾਈ ਗਿਆਨ ਸਿੰਘ, ਸਤਿਕਾਰ ਕਮੇਟੀ ਐਬਟਸਫੋਰਡ ਦੇ ਆਗੂ ਕੁਲਦੀਪ ਸਿੰਘ ਸੇਖੋਂ, ਗੁਰਦੇਵ ਸਿੰਘ ਬਰਨਬੀ ਤੇ ਹੋਰ ਆਗੂਆਂ ਨੇ ਭਾਰਤ ਸਰਕਾਰ ਦੀ ਆਲੋਚਨਾ ਕੀਤੀ ਕਿ ਬਹੁਤ ਸਾਰੇ ਸਿੱਖ ਕੈਦੀਆਂ ਨੂੰ ਸਜ਼ਾ ਪੂਰੀ ਹੋਣ ਉਪਰੰਤ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਵੱਡੀ ਬੇਇਨਸਾਫੀ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਇਨ੍ਹਾਂ ਸਿੰਘਾਂ ਨੂੰ ਤੁਰੰਤ ਰਿਹਾਅ ਕਰ ਕੇ ਇਨਸਾਫ ਦਿੱਤਾ ਜਾਵੇ।