ਕੈਨੇਡਾ ਬੈਠੇ ਖਤਰਨਾਕ ਗੈਂਗਸਟਰ ਅਰਸ਼ ਡੱਲਾ ਦੀ ਪੰਜਾਬ ਪੁਲਿਸ ਨੂੰ ਚਿਤਾਵਨੀ

53
Share

-ਸਿੱਧੂ ਮੂਸੇਵਾਲਾ ਦਾ ਵੀ ਕੀਤਾ ਜ਼ਿਕਰ
ਚੰਡੀਗੜ੍ਹ, 17 ਅਗਸਤ (ਪੰਜਾਬ ਮੇਲ)- ਕੈਨੇਡਾ ਬੈਠੇ ਖਤਰਨਾਕ ਗੈਂਗਸਟਰ ਅਰਸ਼ ਡੱਲਾ ਨੇ ਪੰਜਾਬ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ। ਦਰਅਸਲ ਬੀਤੇ ਦਿਨੀਂ ਦਿੱਲੀ ਅਤੇ ਪੰਜਾਬ ਪੁਲਿਸ ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਗੈਂਗਸਟਰ ਡੱਲਾ ਦੇ ਦੋ ਗੁਰਗਿਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਸ ਨੇ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਮੈਨੂੰ ਜ਼ਬਰਨ ਅੱਤਵਾਦੀ ਬਣਾਇਆ ਜਾ ਰਿਹਾ ਹੈ। ਮੈਂ ਅੱਜ ਤੱਕ ਕੋਈ ਧਮਾਕਾ ਨਹੀਂ ਕਰਵਾਇਆ। ਜੇ ਮਜਬੂਰ ਹੋਇਆ ਤਾਂ ਫਿਰ ਮੈਂ ਉਸੇ ਸਟਾਈਲ ਵਿਚ ਜਵਾਬ ਦੇਵਾਂਗਾ। ਡੱਲਾ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੇ ਸਾਈਬਰ ਸੈੱਲ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ 4 ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ ਸੀ।¿;
ਇਨ੍ਹਾਂ ਵਿਚ ਸ਼ਾਮਲ ਦੀਪਕ ਅਤੇ ਸੰਨੀ ਦੇ ਤਾਰ ਅਰਸ਼ ਡੱਲਾ ਨਾਲ ਜੁੜੇ ਹਨ। ਡੀ.ਜੀ.ਪੀ. ਗੌਰਵ ਯਾਦਵ ਨੇ ਇਸ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦਾ ਸਪੋਰਟ ਵਾਲਾ ਟੈਰਰ ਮਾਡਿਊਲ ਦੱਸਿਆ ਸੀ। ਜਿਹੜਾ ਆਜ਼ਾਦੀ ਦਿਹਾੜੇ ’ਤੇ ਧਮਾਕੇ ਕਰਨ ਦੀ ਤਿਆਰੀ ਕਰ ਰਿਹਾ ਸੀ। ਇਨ੍ਹਾਂ ਤੋਂ ਪਿਸਟਲ ਅਤੇ ਕਾਰਤੂਸ ਤੋਂ ਇਲਾਵਾ ਤਿੰਨ ਹੈਂਡ ਗ੍ਰਨੇਡ ਅਤੇ ਇਕ ਆਈ. ਈ. ਡੀ. ਬਰਾਮਦ ਹੋਇਆ ਸੀ।
ਗੈਂਗਸਟਰ ਅਰਸ਼ ਡੱਲਾ ਨੇ ਲਿਖਿਆ ਕਿ ‘ਮੇਰੇ ਭਰਾ ਦੀਪਕ ਮੋਗਾ ਅਤੇ ਸੰਨੀ ਇਸਾਪੁਰਾ ਤੇ ਮੇਰੇ ਹੋਰ ਦੋ ਭਰਾਵਾਂ ਨੂੰ ਪੁਲਿਸ ਨੇ ਦਿੱਲੀ ਤੋਂ ਗਿ੍ਰਫਤਾਰ ਕੀਤਾ ਸੀ, ਉਨ੍ਹਾਂ ਕੋਲ ਦੋ 9 ਐੱਮ.ਐੱਮ. ਪਿਸਤੌਲਾਂ ਅਤੇ ਤੇ 100 ਦੇ ਕਰੀਬ ਕਾਰਤੂਸ ਸੀ ਪਰ ਕੋਈ ਬੰਬ ਜਾ ਗ੍ਰਨੇਡ ਨਹੀਂ ਸੀ। ਪੁਲਿਸ ਆਪਣੇ ਨੰਬਰ ਅਤੇ ਤਾਰਿਆਂ ਲਈ ਇਕ ਵਾਰ ਨਹੀਂ ਸੋਚਦੀ ਕਿਸੇ ਬੇਕਸੂਰ ’ਤੇ ਪਰਚਾ ਪਾਉਣ ਲੱਗੀ। ਜਿਨ੍ਹਾਂ ਨੇ ਇਹ ਪਰਚਾ ਪਾਇਆ, ਜੇ ਸੱਚੇ ਆ ਤਾਂ ਸਾਰੀ ਟੀਮ ਆਪਣੇ ਬੱਚਿਆਂ ਨੂੰ ਲੈ ਕੇ ਪੱਤਰਕਾਰਾਂ ਸਾਹਮਣੇ ਗੁਰੂ ਘਰ ਜਾ ਕੇ ਸਹੁੰ ਚੁੱਕਣ। ਇਹ ਬਿਨਾਂ ਕਿਸੇ ਵਜ੍ਹਾ ਤੋਂ ਮੈਨੂੰ ਤੇ ਮੇਰੇ ਵੀਰਾਂ ਨੂੰ ਅੱਤਵਾਦੀ ਬਣਾਈ ਜਾ ਰਹੇ ਹਨ। ਮੈਂ ਅੱਜ ਤੱਕ ਕਿਤੇ ਕੋਈ ਧਮਾਕਾ ਨਹੀਂ ਕੀਤਾ। ਮੇਰੇ ਨਾਲ ਇਹ ਤੀਜੀ ਵਾਰ ਹੋ ਗਿਆ, ਪਹਿਲਾਂ ਫਾਜ਼ਿਲਕਾ, ਫਿਰ ਗੁਰਦਾਸਪੁਰ ਸਾਈਡ, ਹੁਣ ਮੋਹਾਲੀ, ਤਿੰਨੇ ਥਾਂਵਾਂ ’ਤੇ ਇਹ ਬੰਬ ਧਮਾਕਿਆਂ ਨਾਲ ਮੇਰਾ ਕੋਈ ਲੈਣ-ਦੇਣ ਨਹੀਂ ਸੀ। ਜੇ ਇਹ ਨਹੀਂ ਹਟ ਸਕਦੇ, ਤਾਂ ਸਿੱਧਾ ਕੋਈ ਅਫਸਰ ਮੈਨੂੰ ਫ਼ੋਨ ਕਰਕੇ ਕਹਿ ਦੇਵੇ ਕਿ ਅਸੀਂ ਨਾਜਾਇਜ਼ ਕਰਨ ਤੋਂ ਨਹੀਂ ਹਟਣਾ। ਫਿਰ ਮੈਂ ਵੀ ਉਸੇ ਸਟਾਈਲ ਵਿਚ ਜਵਾਬ ਦਵਾਂ ਕਿਉਂਕੀ ਇਹ ਮਜਬੂਰ ਕਰੀ ਜਾ ਰਹੇ ਆ, ਬਿਨਾਂ ਗੱਲ ਤੋਂ ਪਰਚੇ ਪ-ਪਾ ਕੇ।¿;
ਗੈਂਗਸਟਰ ਅਰਸ਼ ਡੱਲਾ ਨੇ ਲਿਖਿਆ ਕਿ ਇਨ੍ਹਾਂ ਨੇ ਸਿਰਫ ਦੋ ਜਣਿਆਂ ਨੂੰ ਸਾਂਭ ਕੇ ਰੱਖਿਆ ਹੈ ਕਿਉਂਕਿ ਉਹ ਇਨ੍ਹਾਂ ਦੇ ਸਰਕਾਰੀ ਪਰੁਹਣੇ ਲੱਗਦੇ ਆ। ਇਹ ਲੋਕ ਆਪ ਹੀ ਜਵਾਕਾਂ ਤੋਂ ਕੰਮ ਕਰਾ ਕੇ ਫੜਾ ਦਿੰਦੇ ਆ ਤੇ ਮਰਵਾ ਦਿੰਦੇ ਆ। ਸਾਡੀ ਜ਼ਮੀਰ ਜਾਗਦੀ ਆ, ਸਾਨੂੰ ਮਰਨਾ ਮਨਜ਼ੂਰ ਆ, ਸਾਡੇ ਤੋਂ ਇਹ ਕੰਮ ਨਹੀਂ ਹੋਣਾ। ਜਦੋਂ ਇਨ੍ਹਾਂ ਦੇ ਮਰੇ ਸੀ, ਉਦੋਂ ਤਾਂ ਇਨ੍ਹਾਂ ਨੇ ਸਾਡੇ ਭਰਾਵਾਂ ਨੂੰ ਟੋਰਚਰ ਕੀਤਾ, ਕਲਕੱਤੇ ਜਾ ਕੇ ਝੂਠਾ ਮੁਕਾਬਲਾ ਬਣਾਇਆ। ਜਿਸ ਨੇ ਬੇਕਸੂਰ ਬੰਦਾ ਜਿਸ ਦਾ ਕੋਈ ਕਸੂਰ ਨਹੀਂ ਸੀ ਸਿੱਧੂ ਦਾ ਕਤਲ ਕਰਾਇਆ, ਉਨ੍ਹਾਂ ਨੂੰ ਇਹ ਮੰਤਰੀਆਂ ਵਾਂਗ ਮੀਡੀਆ ਵਿਚ ਮਸ਼ਹੂਰ ਕਰ ਰਹੇ ਹਨ।

Share