ਕੈਨੇਡਾ ਬਣਦਾ ਜਾ ਰਿਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਹਿਲੀ ਪਸੰਦ

763
Share

ਓਟਵਾ, 26 ਫਰਵਰੀ (ਪੰਜਾਬ ਮੇਲ)-ਸੰਯੁਕਤ ਰਾਜ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਬਾਅਦ ਕੈਨੇਡਾ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਬਾਦੀ ਲਗਭਗ ਪਿਛਲੇ ਇਕ ਦਹਾਕੇ ਵਿਚ ਤਿੰਨ ਗੁਣਾ ਵਧ ਕੇ 6,42,000 ਦੇ ਕਰੀਬ ਹੋ ਗਈ ਹੈ। ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲਾਂ ਦੇ ਮੁਕਾਬਲੇ ਸਾਲ 2019 ਵਿਚ ਕੈਨੇਡਾ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਬਾਦੀ ‘ਚ 13 ਫੀਸਦੀ ਦਾ ਵਾਧਾ ਹੋਇਆ ਹੈ, ਜੋ ਕਿ ਦੋਹਰੇ ਅੰਕ ਦੇ ਵਾਧੇ ਦਾ ਇਕ ਹੋਰ ਸਾਲ ਸੀ। ਪਿਛਲੇ 20 ਸਾਲਾਂ ‘ਚ ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਬਾਦੀ ਲਗਭਗ 6 ਗੁਣਾ ਵਧੀ ਹੈ। ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ਕੋਲ ਆਪਣੇ ਆਪ ਨੂੰ ਵਿੱਤੀ ਤੌਰ ‘ਤੇ ਕਾਇਮ ਰੱਖਣ ਲਈ ਵਧੇਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭਰਤੀ ਕਰਨ ਦੀ ਬਜਾਏ ਬਹੁਤ ਘੱਟ ਵਿਕਲਪ ਬਚੇ ਹਨ ਅਤੇ ਕੈਨੇਡੀਅਨ ਅਦਾਰਿਆਂ ਨੂੰ ਆਪਣੇ ਵਧ ਰਹੇ ਆਪ੍ਰੇਟਿੰਗ ਖਰਚਿਆਂ ਲਈ ਫੰਡ ਲੈਣ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਨਿਰਭਰ ਹੋਣਾ ਪੈਂਦਾ ਹੈ। ਕੈਨੇਡਾ ਵਿਚ ਵਿਦੇਸ਼ੀ ਵਿਦਿਆਰਥੀਆਂ ਦਾ ਵੱਡਾ ਹਿੱਸਾ ਲਗਭਗ ਇਕ ਤਿਹਾਈ ਤੋਂ ਵੱਧ ਭਾਰਤੀਆਂ ਦਾ ਹੈ, ਕਿਉਂਕਿ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਰੱਖਣ ਵਾਲੀ ਵੱਡੀ ਮੱਧ ਦਰਜੇ ਦੀ ਆਬਾਦੀ ਹੋਣ ਕਰਕੇ ਭਾਰਤ ਵਿਚ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਹਨ, ਜੋ ਕੈਨੇਡੀਅਨ ਵਿੱਦਿਅਕ ਸੰਸਥਾਵਾਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮਾਂ ਲਈ ਯੋਗ ਹਨ, ਜਿਸ ਕਾਰਨ ਪਿਛਲੇ ਪੰਜ ਸਾਲਾਂ ਦੌਰਾਨ ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਦੀ ਆਬਾਦੀ ਵਿਚ ਚਾਰ ਗੁਣਾ ਵਾਧਾ ਹੋਇਆ ਹੈ। ਭਾਰਤੀ ਵਿਦਿਆਰਥੀਆਂ ਨੂੰ ਕੈਨੇਡੀਅਨ ਸਰਕਾਰ ਦੀ ‘ਸਟੂਡੈਂਟ ਡਾਇਰੈਕਟ ਸਟਰੀਮ’ ਦਾ ਵੀ ਫਾਇਦਾ ਹੋਇਆ ਹੈ। ਚੋਟੀ ਦੇ 20 ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਰੋਤ ਦੇਸ਼ਾਂ ‘ਚੋਂ ਪਿਛਲੇ ਪੰਜ ਸਾਲਾਂ ਵਿਚ ਸਭ ਤੋਂ ਮਜ਼ਬੂਤ ਵਿਕਾਸ ਦਰ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਹੈ। ਭਾਰਤ ਤੋਂ ਬਾਅਦ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਦੇ ਮੁੱਖ ਸਰੋਤ ਦੇਸ਼ ਚੀਨ, ਵੀਅਤਨਾਮ, ਫਿਲਪੀਨਜ਼, ਕੋਲੰਬੀਆ ਅਤੇ ਅਲਜੀਰੀਆ ਹਨ।


Share