ਕੈਨੇਡਾ ਪੁੱਜਾ ਕੈਲੀਫੋਰਨੀਆ ਜੰਗਲਾਂ ‘ਚ ਲੱਗੀ ਅੱਗ ਦਾ ਸੇਕ!

531

-ਬ੍ਰਿਟਿਸ਼ ਕੋਲੰਬੀਆ ‘ਚ ਵਾਤਾਵਰਣ ਕੈਨੇਡਾ ਵੱਲੋਂ ਐਡਵਾਇਜ਼ਰੀ ਜਾਰੀ
ਟੋਰਾਂਟੋ, 14 ਸਤੰਬਰ (ਪੰਜਾਬ ਮੇਲ)- ਸੰਯੁਕਤ ਰਾਜ ਅਮਰੀਕਾ ਦੇ ਪੱਛਮੀ ਤੱਟ ਦੇ ਜੰਗਲਾਂ ਵਿਚ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ, ਜਿਸ ਦਾ ਸੇਕ ਹੁਣ ਕੈਨੇਡਾ ਵਿਚ ਪੁੱਜਣਾ ਸ਼ੁਰੂ ਹੋ ਗਿਆ ਹੈ। ਅਮਰੀਕਾ ਦੇ ਪੱਛਮੀ ਤੱਟ ਨੇੜੇ ਲੱਗੀ ਅੱਗ ਕਾਰਣ ਕੈਨੇਡਾ ਦੇ ਕੁਝ ਹਿੱਸਿਆਂ ‘ਚ ਹਵਾ ਦੀ ਗੁਣਵੱਤਾ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ, ਜਿਸ ਕਾਰਣ ਵਾਤਾਵਰਣ ਕੈਨੇਡਾ ਵਲੋਂ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ। ਇਸ ਦੀ ਜਾਣਕਾਰੀ ਸੀ.ਟੀ.ਵੀ. ਨਿਊਜ਼ ਕੈਨੇਡਾ ਵਲੋਂ ਦਿੱਤੀ ਗਈ ਹੈ।
ਵਾਤਾਵਰਣ ਕੈਨੇਡਾ ਨੇ ਸ਼ੁੱਕਰਵਾਰ ਨੂੰ ਦੱਖਣੀ ਬ੍ਰਿਟਿਸ਼ ਕੋਲੰਬੀਆ ‘ਚ ਹਵਾ ਦੀ ਖਰਾਬ ਗੁਣਵੱਤਾ ਦੇ ਚੱਲਦੇ ਲੋਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਕਿਉਂਕਿ ਇਸ ਕਾਰਣ ਕਈ ਸ਼ਹਿਰਾਂ ਦੇ ਲੋਕਾਂ ਲਈ ਸਿਹਤ ਸਬੰਧੀ ਦਿੱਕਤਾਂ ਪੈਦਾ ਹੋ ਸਕਦੀਆਂ ਹਨ। ਵਾਸ਼ਿੰਗਟਨ ਅਤੇ ਓਰੇਗਨ ਦੀ ਜੰਗਲੀ ਅੱਗ ਦੇ ਧੂੰਏ ਕਾਰਣ ਸ਼ਨੀਵਾਰ ਨੂੰ ਮੈਟਰੋ ਵੈਨਕੂਵਰ ‘ਚ ਵੀ ਲਗਾਤਾਰ 5ਵੇਂ ਦਿਨ ਹੈਲਥ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ। ਤਾਜ਼ਾ ਜਾਰੀ ਐਡਵਾਇਜ਼ਰੀ ‘ਚ ਲਿਖਿਆ ਗਿਆ ਹੈ ਕਿ ਪੱਛਮੀ ਅਮਰੀਕਾ ‘ਚ ਜੰਗਲੀ ਅੱਗ ਦੇ ਧੂੰਏ ਕਾਰਣ ਲੰਬੀ ਦੂਰੀ ‘ਤੇ ਮੌਜੂਦ ਵੈਨਕੂਵਰ ਆਈਲੈਂਡ, ਲੋਅਰ ਮੇਨਲੈਂਡ ਅਤੇ ਹੋਰ ਕਈ ਅੰਦਰੂਨੀ ਹਿੱਸੇ ਪ੍ਰਭਾਵਿਤ ਹੋਏ ਹਨ। ਵਰਲਡ ਏਅਰ ਕੁਆਲਿਟੀ ਇੰਡੈਕਸ ਮੁਤਾਬਕ ਹਾਲਾਤ ਇਸ ਤਰ੍ਹਾਂ ਖਰਾਬ ਹੋ ਰਹੇ ਹਨ ਕਿ ਵੈਨਕੂਵਰ ਵਿਸ਼ਵ ਦੀ ਸਭ ਤੋਂ ਖਰਾਬ ਹਵਾ ਦੀ ਗੁਣਵੱਤਾ ਵਾਲੇ ਸ਼ਹਿਰਾਂ ਦੀ ਸੂਚੀ ‘ਚ ਦੂਜੇ ਸਥਾਨ ‘ਤੇ ਆ ਗਿਆ ਹੈ।
ਅਲਬਰਟਾ ‘ਚ ਹਵਾ ਦੀ ਗੁਣਵੱਤਾ ਸਬੰਧੀ ਅਜੇ ਕੋਈ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ ਹੈ। ਵਾਤਾਵਰਣ ਕੈਨੇਡਾ ਦਾ ਏਅਰ ਕੁਆਲਿਟੀ ਹੈਲਥ ਇੰਡੈਕਸ ਦੇਸ਼ ‘ਚ ਹਵਾ ਦੀ ਗੁਣਵੱਤਾ ਮਾਪਦਾ ਹੈ। ਸ਼ਨੀਵਾਰ ਨੂੰ ਹੈਲਥ ਕੈਨੇਡਾ ਨੇ ਟਵਿੱਟਰ ‘ਤੇ ਇਕ ਪੋਸਟ ਕਰਕੇ ਜੰਗਲਾਂ ਦੀ ਅੱਗ ਨਾਲ ਵੱਧ ਰਹੇ ਧੂੰਏਂ ਨੂੰ ਦੇਖਦਿਆਂ ਕੈਨੇਡੀਅਨਾਂ ਨੂੰ ਸਾਵਧਾਨ ਰਹਿਣ ਲਈ ਸਲਾਹ ਦਿੱਤੀ ਸੀ।
ਪ੍ਰਭਾਵਿਤ ਇਲਾਕਿਆਂ ‘ਚ ਹਾਲਾਤਾਂ ਦੇ ਮੱਦੇਨਜ਼ਰ ਕੈਨੇਡੀਅਨਾਂ ਨੂੰ ਘੱਟ ਤੋਂ ਘੱਟ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹਣ, ਵਧੇਰੇ ਪਾਣੀ ਪੀਣ ਤੇ ਆਪਣੀਆਂ ਬਾਹਰੀ ਗਤੀਵਿਧੀਆਂ ਨੂੰ ਘਟਾਉਣ ਦੀ ਸਲਾਹ ਦਿੱਤੀ ਗਈ ਹੈ। ਅਮਰੀਕਾ ਦੇ ਜੰਗਲਾਂ ਦੀ ਅੱਗ ਕੈਲੀਫੋਰਨੀਆ ਪਾਰ ਕਰਕੇ ਵਾਸ਼ਿੰਗਟਨ ਤੇ ਓਰੇਗਨ ਤੱਕ ਪਹੁੰਚ ਗਈ ਹੈ। ਨਾਸਾ ਮੁਤਾਬਕ ਅੱਗ ਤੋਂ ਉੱਠਿਆ ਧੂੰਆ 2000 ਕਿਲੋਮੀਟਰ ਤੋਂ ਵਧੇਰੇ ਦਾ ਸਫਰ ਤੈਅ ਕਰ ਚੁੱਕਿਆ ਹੈ ਤੇ ਪ੍ਰਸ਼ਾਂਤ ਮਹਾਸਾਗਰ ਵੱਲ ਵੱਧ ਰਿਹਾ ਹੈ।