ਕੈਨੇਡਾ ਪੁਲਿਸ ਵੱਲੋਂ ਡਾਂਗਾਂ ਚਲਾਉਣ ਦੇ ਮਾਮਲੇ ’ਚ 4 ਸ਼ੱਕੀ ਪੰਜਾਬੀਆਂ ਦੀ ਭਾਲ

38
Share

ਮਿਸੀਸਾਗਾ, 30 ਜੂਨ (ਪੰਜਾਬ ਮੇਲ)- ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਚ ਪੰਜਾਬੀ ਨੌਜਵਾਨਾਂ ਵੱਲੋਂ ਡਾਂਗਾਂ-ਸੋਟੇ ਚਲਾਉਣ ਦਾ ਮਾਮਲਾ ਪੀਲ ਰੀਜਨਲ ਪੁਲਿਸ ਨੇ ਆਪਣੇ ਹੱਥਾਂ ਵਿਚ ਲੈਂਦਿਆਂ ਚਾਰ ਸ਼ੱਕੀਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ ਅਤੇ ਲੋਕਾਂ ਤੋਂ ਵੀ ਸਹਿਯੋਗ ਮੰਗਿਆ ਹੈ। ਪੁਲਿਸ ਮੁਤਾਬਕ ਕੁੱਟਮਾਰ ਦੀ ਇਸ ਘਟਨਾ ਦੌਰਾਨ ਤਿੰਨ ਜਣੇ ਜ਼ਖ਼ਮੀ ਹੋਏ। ਦੱਸ ਦੇਈਏ ਕਿ ਮਿਸੀਸਾਗਾ ਦੇ ਗੋਰਵੇਅ ਡਰਾਈਵ ਅਤੇ ਮੌਰਨਿੰਗ ਸਟਾਰ ਡਰਾਈਵ ਇਲਾਕੇ ’ਚ ਬੀਤੀ 26 ਜੂਨ ਨੂੰ ਸ਼ਾਮ 7.30 ਵਜੇ ਸ਼ੱਕੀਆਂ ਨੇ ਬੇਸਬਾਲ ਅਤੇ ਕਿ੍ਰਕਟ ਦੇ ਬੱਲਿਆਂ ਨਾਲ ਕੁਝ ਨੌਜਵਾਨਾਂ ’ਤੇ ਹਮਲਾ ਕਰ ਦਿਤਾ। ਇਸ ਵਾਰਦਾਤ ਦੌਰਾਨ ਤਿੰਨ ਜਣੇ ਜ਼ਖ਼ਮੀ ਹੋਏ, ਜਿਨ੍ਹਾਂ ਦੀਆਂ ਸੱਟਾਂ ਗੰਭੀਰ ਨਹੀਂ ਸਨ। ਪੀਲ ਰੀਜਨਲ ਪੁਲਿਸ ਨੇ ਸ਼ੱਕੀਆਂ ਦਾ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਇਕ ਸ਼ੱਕੀ ਨੇ ਕਾਲੇ ਰੰਗ ਦੀ ਪੱਗ ਬੰਨ੍ਹੀ ਹੋਈ ਸੀ, ਜਦਕਿ ਨੀਲੇ ਰੰਗ ਦੀ ਜੀਨਜ਼ ਅਤੇ ਸਫ਼ੈਦ ਸ਼ਰਟ ਪਾਈ ਹੋਈ ਸੀ। ਇਕ ਹੋਰ ਸ਼ੱਕੀ ਦਾ ਕੱਦ ਤਕਰਬੀਨ 5 ਫੁੱਟ 9 ਇੰਚ ਦੱਸਿਆ ਗਿਆ ਹੈ, ਜਿਸ ਨੇ ਹਲਕੇ ਰੰਗ ਦੀ ਪੈਂਟ ਪਹਿਨੀ ਹੋਈ ਸੀ। ਉਸ ਦੇ ਵਾਲ ਛੋਟੇ ਅਤੇ ਕਾਲੇ ਸਨ, ਜਦਕਿ ਵਜ਼ਨ ਤਕਰੀਬਨ 72 ਕਿਲੋ ਹੈ। ਤੀਜੇ ਸ਼ੱਕੀ ਨੇ ਛੋਟੀ-ਛੋਟੀ ਦਾੜ੍ਹੀ ਰੱਖੀ ਹੋਈ ਹੈ ਅਤੇ ਘਟਨਾ ਵਾਲੇ ਦਿਨ ਸਫ਼ੈਦ ਗੌਲਫ਼ ਸ਼ਰਟ, ਕਾਲੀ ਪੈਂਟ ਅਤੇ ਕਾਲੇ ਰੰਗ ਦੇ ਸ਼ੂਜ਼ ਪਹਿਨੇ ਹੋਏ ਸਨ। ਚੌਥੇ ਸ਼ੱਕੀ ਨੇ ਖਾਕੀ ਸ਼ਰਟ ਅਤੇ ਕਾਲੀ ਪੈਂਟ ਪਹਿਨੀ ਹੋਈ ਸੀ, ਜਦਕਿ ਸ਼ੂਜ਼ ਦਾ ਰੰਗ ਸਫ਼ੈਦ ਸੀ।

Share