ਵਿੰਡਸਰ (ਕੈਨੇਡਾ), 12 ਫਰਵਰੀ (ਪੰਜਾਬ ਮੇਲ)- ਕੈਨੇਡਾ ਪੁਲਿਸ ਨੇ ਕੈਨੇਡਾ ਤੇ ਅਮਰੀਕਾ ਦੀ ਸਰਹੱਦ ’ਤੇ ਅੰਬੈਸਡਰ ਬਿ੍ਰਜ ’ਤੇ ਰੋਸ ਪ੍ਰਦਰਸ਼ਨ ਕਰਨ ਵਾਲੇ ਟਰੱਕ ਚਾਲਕਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਟਰੱਕ ਚਾਲਕਾਂ ਦੇ ਰੋਸ ਪ੍ਰਦਰਸ਼ਨਾਂ ਕਾਰਨ ਕੈਨੇਡਾ ਤੇ ਅਮਰੀਕਾ ਵਿਚਾਲੇ ਵਪਾਰਕ ਗਤੀਵਿਧੀਆਂ ਵਿਚ ਰੁਕਾਵਟਾਂ ਪੈਦਾ ਹੋ ਰਹੀਆਂ ਹਨ। ਟਰੱਕ ਚਾਲਕ ਕੈਨੇਡਾ ਦੀਆਂ ਕੋਵਿਡ ਪਾਬੰਦੀਆਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਵੇਰਵਿਆਂ ਅਨੁਸਾਰ ਵਿੰਡਸਰ ਪੁਲਿਸ ਤੇ ਉਸ ਨੂੰ ਸਹਿਯੋਗ ਦੇਣ ਵਾਲੀਆਂ ਪੁਲਿਸ ਏਜੰਸੀਆਂ ਨੇ ਟਰੱਕ ਚਾਲਕਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੋਸ ਪ੍ਰਦਰਸ਼ਨ ਕਰ ਰਹੇ ਟਰੱਕ ਚਾਲਕਾਂ ਵਾਲੇ ਰਾਹਾਂ ’ਤੇ ਨਾ ਜਾਣ।