ਕੈਨੇਡਾ ਨੇ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਮੋਹਲਤ ’ਚ ਕੀਤਾ ਵਾਧਾ

1243
Share

ਟੋਰਾਂਟੋ, 15 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੈਨੇਡਾ ’ਚ ਆਰਜ਼ੀ (ਵਿਜ਼ਟਰ) ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਮੋਹਲਤ 28 ਫਰਵਰੀ 2022 ਤੱਕ ਵਧਾ ਦਿੱਤੀ ਗਈ ਹੈ। ਮੰਤਰਾਲੇ ਵਲੋਂ ਬੀਤੇ ਸਾਲ (24 ਅਗਸਤ, 2020) ਕੋਰੋਨਾਵਾਇਰਸ ਦੀਆਂ ਰੁਕਾਵਟਾਂ ਕਾਰਨ ਕੈਨੇਡਾ ਤੋਂ ਵਾਪਸ ਨਾ ਮੁੜ ਸਕਣ ਵਾਲੇ ਸੈਲਾਨੀਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਲੋਕਾਂ ਦੀ ਸਹੂਲਤ ਵਾਸਤੇ ਵਰਕ ਪਰਮਿਟ ਦੀ ਇਹ ਆਰਜ਼ੀ ਨੀਤੀ ਬਣਾਈ ਗਈ ਸੀ। ਸਰਕਾਰੀ ਰਿਪੋਰਟਾਂ ਅਨੁਸਾਰ ਕੈਨੇਡਾ ਭਰ ’ਚ ਕਾਮਿਆਂ ਦੀ ਘਾਟ ਹੈ, ਜਿਸ ਕਰਕੇ ਵਿਦੇਸ਼ੀਆਂ ਨੂੰ ਵਰਕ ਪਰਮਿਟ ਦੇ ਕੇ ਰੋਜ਼ਗਾਰ ਮਾਰਕੀਟ ’ਚ ਸ਼ਾਮਲ ਕਰਨ ਦੀ ਕੋਸ਼ਿਸ਼ ਹੈ। ਇਸ ਕਰਕੇ 28 ਫਰਵਰੀ ਤੱਕ ਵਰਕ ਪਰਮਿਟ ਦੀ ਸਹੂਲਤ ਹਰੇਕ ਆਰਜ਼ੀ ਵੀਜ਼ਾ ਧਾਰਕ ਨੂੰ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦੀ ਕੈਨੇਡਾ ’ਚ ਠਹਿਰਨ ਦੀ ਮਿਆਦ ਖਤਮ (ਐਕਸਪਾਇਰ) ਨਾ ਹੋਈ ਹੋਵੇ। ਜਹਾਜ਼ਾਂ ਦੀ ਆਵਾਜਾਈ ਅਜੇ ਤੱਕ ਵੀ ਸੀਮਤ ਹੋਣ ਕਾਰਨ ਕੁਝ ਵਿਦੇਸ਼ੀਆਂ ਨੂੰ ਆਪਣਾ ਵੀਜ਼ਾ ਵਧਾਉਣਾ ਪਿਆ ਹੈ। ਇਸੇ ਦੌਰਾਨ ਬਰੈਂਪਟਨ-ਉੱਤਰੀ ਹਲਕੇ ਦੀ ਮੌਜੂਦਾ ਸੰਸਦ ਮੈਂਬਰ ਅਤੇ ਲਿਬਰਲ ਪਾਰਟੀ ਦੀ ਉਮੀਦਵਾਰ ਰੂਬੀ ਸਹੋਤਾ ਨੇ ਦੱਸਿਆ ਕਿ ਕੈਨੇਡਾ ਸਰਕਾਰ ਵਲੋਂ ਭਾਰਤ ਨੂੰ (22 ਅਪ੍ਰੈਲ ਤੋਂ ਬੰਦ) ਸਿੱਧੀਆਂ ਉਡਾਨਾਂ ਬਾਰੇ ਐਲਾਨ ਇਸੇ ਹਫ਼ਤੇ ਦੇ ਅਖੀਰ ਤੱਕ ਕੀਤਾ ਜਾਵੇਗਾ।

Share