ਕੈਨੇਡਾ ਨਾਗਰਿਕ 11ਵੀਂ ਦੀ ਵਿਦਿਆਰਥਣ ਵੱਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ

123
Share

-ਸਕੂਲ ਪਿ੍ਰੰਸੀਪਲ ਦੀ ਧੀ ਤੇ ਡੀ.ਪੀ.ਈ. ’ਤੇ ਖੁਦਕੁਸ਼ੀ ਲਈ ਉਕਸਾਉਣ ਦੇ ਲਾਏ ਦੋਸ਼; ਕੇਸ ਦਰਜ
ਮੋਗਾ, 11 ਜੂਨ (ਪੰਜਾਬ ਮੇਲ)- ਇਥੇ ਸ਼ਹਿਰ ਦੀ ਹੱਦ ਉੱਤੇ ਪੈਂਦੇ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਆਪਣੇ ਨਾਨਕੇ ਘਰ ਦੇਰ ਸ਼ਾਮ ਕੈਨੇਡਾ ਨਾਗਰਿਕ ਗਿਆਰਵੀਂ ਦੀ ਵਿਦਿਆਰਥਣ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਕੋਲੋਂ ਮਿਲੇ ਨੋਟ ਉੱਤੇ ਥਾਣਾ ਮਹਿਣਾ ਪੁਲਿਸ ਨੇ ਸਕੂਲ ਪਿ੍ਰੰਸਪੀਲ ਦੀ ਧੀ ਤੇ ਸਕੂਲ ਦੇ ਡੀ.ਪੀ.ਈ. ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ.ਐੱਸ.ਪੀ. ਧਰਮਕੋਟ ਸੁਬੇਗ ਸਿੰਘ ਤੇ ਥਾਣਾ ਮਹਿਣਾ ਮੁਖੀ ਗੁਲਜਿੰਦਰਪਾਲ ਸਿੰਘ ਸੇਖੋਂ ਨੇ ਦੱਸਿਆ ਕਿ ਮਿ੍ਰਤਕ ਵਿਦਿਆਰਥਣ ਦੇ ਨਾਨਾ ਜਸਵੀਰ ਸਿੰਘ ਦੇ ਬਿਆਨ ਉੱਤੇ ਸਕੂਲ ਦੀ ਪਿ੍ਰੰਸੀਪਲ ਦੀ ਧੀ ਅਤੇ ਸਕੂਲ ਡੀ.ਪੀ.ਈ. ਅਮਨਦੀਪ ਸਿੰਘ ਚਾਹਲ ਪਿੰਡ ਕਿੱਲੀ ਚਾਹਲ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 306 ਤਹਿਤ ਕੇਸ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮਿ੍ਰਤਕ ਵਿਦਿਆਰਥਣ ਦੇ ਪਿਤਾ ਨਾਲ ਉਸ ਦੀ ਮਾਂ ਦਾ ਤਲਾਕ ਹੋ ਗਿਆ ਸੀ। ਉਸ ਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਸੀ ਅਤੇ ਉਹ ਹੁਣ ਕੈਨੇਡਾ ਵਿਖੇ ਹੈ। ਮਿ੍ਰਤਕ ਵਿਦਿਆਰਥਣ ਖੁਸ਼ਪ੍ਰੀਤ ਕੌਰ ਦਾ ਜਨਮ ਕੈਨੇਡਾ ਦਾ ਹੈ। ਉਹ ਇਥੇ ਇਕ ਸਕੂਲ ਵਿਖੇ 11ਵੀਂ ਦੀ ਵਿਦਿਆਰਥਣ ਸੀ ਅਤੇ ਸਕੂਲ ਹੋਸਟਲ ’ਚ ਕਰੀਬ ਡੇਢ ਸਾਲ ਤੋਂ ਰਹਿ ਰਹੀ ਸੀ। ਖੁਦਕੁਸ਼ੀ ਨੋਟ ਵਿਚ ਉਸ ਨੇ ਪਿ੍ਰੰਸੀਪਲ ਦੀ ਧੀ ਅਤੇ ਸਕੂਲ ਡੀ.ਪੀ.ਈ. ਅਮਨਦੀਪ ਸਿੰਘ ਚਾਹਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਖੁਦਕੁਸ਼ੀ ਨੋਟ ’ਚ ਮਿ੍ਰਤਕ ਵਿਦਿਆਰਥਣ ਨੇ ਲਿਖਿਆ ਕਿ ਉਸ ਨੂੰ ਬਲੈਕਮੇਲ ਕਰਦੇ ਸਨ ਅਤੇ ਕਰੀਬ 2 ਮਹੀਨੇ ਤੋਂ ਮਾਨਸਿਕ ਤਸੀਹੇ ਝੱਲ ਰਹੀ ਹੈ। ਪੁਲਿਸ ਮੁਤਾਬਕ ਮਿ੍ਰਤਕ ਵਿਦਿਆਰਥਣ ਨੇ ਆਪਣੇ ਨਾਨਾ ਜਸਵੀਰ ਸਿੰਘ ਨੂੰ ਮੁਲਜ਼ਮਾਂ ਵੱਲੋਂ ਤੰਗ ਕਰਨ ਬਾਰੇ ਦੱਸਿਆ ਸੀ ਅਤੇ ਉਸ ਨੇ ਕਰੀਬ 15 ਦਿਨ ਪਹਿਲਾਂ ਹੀ ਸਕੂਲ ਪਿ੍ਰੰਸੀਪਲ ਤੇ ਅਧਿਆਪਕਾ ਕੋਲ ਸ਼ਿਕਾਇਤ ਕੀਤੀ ਸੀ। ਉਨ੍ਹਾਂ ਭਰੋਸਾ ਦਿੱਤਾ ਸੀ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ।

Share