ਕੈਨੇਡਾ, 6 ਦਸੰਬਰ (ਸੁਰਜੀਤ ਸਿੰਘ ਫਲੋਰਾ/ਪੰਜਾਬ ਮੇਲ)- ਓਟਵਾ ਦੇ ਬੱਚਿਆਂ ਦੇ ਇੱਕ ਹਸਪਤਾਲ ਨੂੰ ਜਲਦ ਹੀ ਕੈਨੇਡੀਅਨ ਰੈੱਡ ਕਰੌਸ ਵੱਲੋਂ ਮਦਦ ਮੁਹੱਈਆ ਕਰਵਾਈ ਜਾਵੇਗੀ। ਬੱਚਿਆਂ ਵਿਚ ਸਾਹ ਦੀ ਬਿਮਾਰੀ ਫੈਲਣ ਕਾਰਨ ਇੱਥੋਂ ਦੇ ਹਸਪਤਾਲ ਵਿਚ ਸਰੋਤਾਂ ਦੀ ਕਮੀ ਪਾਈ ਜਾ ਰਹੀ ਹੈ।
ਪੂਰਬੀ ਓਨਟਾਰੀਓ ਦੇ ਬੱਚਿਆਂ ਦੇ ਹਸਪਤਾਲ, ਜਿਸ ਨੂੰ ਸੀ.ਐੱਚ.ਈ.ਓ. ਵਜੋਂ ਵੀ ਜਾਣਿਆ ਜਾਂਦਾ ਹੈ, ਬੱਚਿਆਂ ਤੇ ਨੌਜਵਾਨਾਂ ਨਾਲ ਹਸਪਤਾਲ ਭਰ ਜਾਣ ਤੋਂ ਬਾਅਦ ਮਦਦ ਲਈ ਗੁਹਾਰ ਲਾਈ ਗਈ ਹੈ। ਰੈੱਡ ਕਰੌਸ ਦੀ ਤਰਜ਼ਮਾਨ ਲਿਏਨ ਮੁਸੇਲਮਾਨ ਨੇ ਆਖਿਆ ਕਿ ਆਰਗੇਨਾਈਜ਼ੇਸ਼ਨ ਹਸਪਤਾਲ ਦੇ ਸਟਾਫ ਦੀ ਮਦਦ ਲਈ ਨਿੱਕੀਆਂ ਟੀਮਾਂ ਮੁਹੱਈਆ ਕਰਾਵੇਗੀ ਤੇ ਉਨ੍ਹਾਂ ਨੂੰ ਕਲੀਨਿਕਲ ਟਾਸਕ ਪੂਰੇ ਕਰਨ ਲਈ ਦਿੱਤੇ ਜਾਣਗੇ। ਪਰ ਉਨ੍ਹਾਂ ਵੱਲੋਂ ਇਸ ਸਮਝੌਤੇ ਦੇ ਸ਼ੁਰੂ ਹੋਣ ਦੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਸੀ.ਐੱਚ.ਈ.ਓ. ਦੀ ਚੀਫ ਨਰਸਿੰਗ ਐਗਜ਼ੈਕਟਿਵ ਟੈਮੀ ਡਿਜਿਓਵਾਨੀ ਨੇ ਆਖਿਆ ਕਿ ਕਲੀਨਿਕਲ ਟੀਮਾਂ ਦੀ ਮਦਦ ਲਈ ਰੈੱਡ ਕਰਾਸ ਦੇ ਕਰਮਚਾਰੀ ਅਗਲੇ ਹਫਤੇ ਤੋਂ ਇੱਥੇ ਆ ਜਾਣਗੇ।
ਉਨ੍ਹਾਂ ਇੱਕ ਬਿਆਨ ਵਿਚ ਆਖਿਆ ਕਿ ਇਸ ਨਾਲ ਮੁੜ ਤੋਂ ਤਾਇਨਾਤ ਸਾਡਾ ਸਟਾਫ ਆਪਣੀ ਨਿਯਮਤ ਭੂਮਿਕਾ ਨਿਭਾਉਣ ਲਈ ਪਰਤ ਜਾਵੇਗਾ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਟੀਮ ਸੀ.ਐੱਚ.ਈ.ਓ. ਸਾਡੇ ਮਰੀਜ਼ਾਂ ਨੂੰ ਸੁਰੱਖਿਅਤ ਤੇ ਉਮਦਾ ਹੈਲਥ ਕੇਅਰ ਮੁਹੱਈਆ ਕਰਵਾਉਣ ਲਈ ਰੁੱਝ ਜਾਵੇ। ਜ਼ਿਕਰਯੋਗ ਹੈ ਕਿ ਸੀ.ਐੱਚ.ਈ.ਓ. ਨੇ ਨਵੰਬਰ ਵਿਚ ਦੂਜੀ ਇੰਟੈਂਸਿਵ ਕੇਅਰ ਯੂਨਿਟ ਸ਼ੁਰੂ ਕੀਤੀ ਸੀ, ਤਾਂ ਕਿ ਬਿਮਾਰ ਬੱਚਿਆਂ ਦੀ ਮਦਦ ਕੀਤੀ ਜਾ ਸਕੇ। ਸਰਕਾਰੀ ਡਾਟਾ ਅਨੁਸਾਰ ਪਹਿਲੀ ਦਸੰਬਰ ਤੱਕ ਓਨਟਾਰੀਓ ਦੀਆਂ ਪੀਡੀਐਟ੍ਰਿਕ ਇੰਟੈਸਿਵ ਕੇਅਰ ਯੂਨਿਟਸ ਦੇ 130 ਬੈੱਡਜ਼ ਵਿਚੋਂ ਸਿਰਫ 10 ਹੀ ਖਾਲੀ ਸਨ।
ਉਨ੍ਹਾਂ ਦੱਸਿਆ ਕਿ ਮੌਸਮੀ ਫਲੂ, ਆਰ.ਐੱਸ. ਵਾਇਰਸ ਤੇ ਕੋਵਿਡ-19 ਕਾਰਨ ਸੀ.ਐੱਚ.ਈ.ਓ. ਨੂੰ ਇਸ ਤਰ੍ਹਾਂ ਦੇ ਸਖ਼ਤ ਮਾਪਦੰਡ ਚੁੱਕਣੇ ਪੈ ਰਹੇ ਹਨ।