-ਨਵੇਂ ਇਮੀਗ੍ਰਾਂਟਸ ਅਤੇ ਰਫਿਊਜੀਆਂ ਨੂੰ 6 ਮਹੀਨੇ ’ਚ ਸਿੱਖਣੀ ਪਵੇਗੀ ਫਰੈਂਚ
ਨਿਊਯਾਰਕ/ਕਿਊਬਕ, 21 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ਦੇ ਫਰੈਂਚ ਬਹੁਗਿਣਤੀ ਵਾਲੇ ਪ੍ਰੋਵਿਨਸ ਕਿਊਬਕ ਵਿਚ ਹੁਣ ਨਵੇਂ ਆਉਣ ਵਾਲੇ ਇਮੀਗਰਾਂਟਸ, ਰਫਿਊਜੀ ਅਤੇ ਜਾਂ ਹੋਰ ਸ਼ਰਨਾਰਥੀਆਂ ਨੂੰ ਕਿਊਬਕ ਆਉਣ ’ਤੇ 6 ਮਹੀਨੇ ਦੇ ਅੰਦਰ ਫਰੈਂਚ ਭਾਸ਼ਾ ਸਿੱਖਣੀ ਪਵੇਗੀ। ਕਿਊਬਕ ਦੇ ਵਿਵਾਦਤ ਬਿਲ-96 ’ਚ ਲੋੜੀਂਦੇ ਐਮਨਡਮੈਂਟ (ਸੋਧ) ਲੈਜੀਸਲੇਟਿਵ ਕਮੇਟੀ ਵੱਲੋਂ ਮਨਜ਼ੂਰ ਕਰ ਦਿੱਤੇ ਗਏ ਹਨ। ਇਸ ਬਿਲ ਦੇ ਜਲਦ ਹੀ ਕਾਨੂੰਨ ਬਣਨ ਦੇ ਆਸਾਰ ਹਨ।
ਕਾਨੂੰਨੀ ਤੌਰ ’ਤੇ ਇਹ ਬਿਲ ਲਾਗੂ ਹੋਣ ਤੋਂ ਬਾਅਦ ਹਰ ਨਵੇਂ ਆਏ ਇਮੀਗਰਾਂਟਸ ਅਤੇ ਰਫਿਊਜੀ ਨਾਲ 6 ਮਹੀਨੇ ਤੋਂ ਬਾਅਦ ਸਰਕਾਰੀ ਪੱਧਰ ’ਤੇ ਸਿਰਫ਼ ਫਰੈਂਚ ’ਚ ਹੀ ਗੱਲਬਾਤ ਕੀਤੀ ਜਾਵੇਗੀ। ਇਸ ਬਿਲ ਦੀ ਵਿਰੋਧੀ ਧਿਰਾਂ ਵੱਲੋਂ ਸਖ਼ਤ ਆਲੋਚਨਾ ਵੀ ਕੀਤੀ ਜਾ ਰਹੀ ਹੈ। ਇਸ ਬਿਲ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹੋ ਜਿਹੇ ਕਦਮਾਂ ਨਾਲ ਕਿਊਬਕ ਵਿਚ ਨਵੇਂ ਆਉਣ ਵਾਲੇ ਪ੍ਰਵਾਸੀਆਂ ਦਾ ਲਗਾਉ ਘਟੇਗਾ ਤੇ ਉਹ ਹੋਰਨਾਂ ਪ੍ਰੋਵਿਨਸਾਂ ਵੱਲ ਰੁਖ ਕਰਨ ਲਈ ਮਜਬੂਰ ਹੋਣਗੇ।