ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਵਿਦੇਸ਼ੀ ਵਿਦਿਆਰਥੀਆਂ ਲਈ ਓਪਨ ਵਰਕ ਪਰਮਿਟ ’ਚ ਛੋਟ ਦਾ ਐਲਾਨ

339
Share

ਟੋਰਾਂਟੋ, 29 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੀਤੇ ਐਲਾਨ ਮੁਤਾਬਿਕ ਵਿਦੇਸ਼ੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਪੂਰੀ ਕਰਨ ਮਗਰੋਂ ਓਪਨ ਵਰਕ ਪਰਮਿਟ ਲੈਣ ਦਾ ਆਸਾਨ ਮੌਕਾ ਮਿਲੇਗਾ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੀਆਂ ਰੁਕਾਵਟਾਂ ਕਾਰਨ ਅਜੇ ਦੇਸ਼ ਅਤੇ ਵਿਦੇਸ਼ਾਂ ’ਚ ਸਫਰ ਕਰਨਾ ਸੁਰੱਖਿਅਤ ਨਹੀਂ ਹੈ, ਜਿਸ ਕਰਕੇ ਕੈਨੇਡਾ ’ਚ ਮਾਨਤਾ ਪ੍ਰਾਪਤ ਵਿੱਦਿਅਕ ਅਦਾਰਿਆਂ ਵਿਚ ਦਾਖਲਾ ਲੈ ਕੇ ਵਿਦੇਸ਼ਾਂ ’ਚ ਆਪਣੇ ਘਰਾਂ ਤੋਂ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਵਰਕ ਪਰਮਿਟ ਦੀਆਂ ਸ਼ਰਤਾਂ ਦਾ ਲਚਕਦਾਰ ਹੋਣਾ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਸਟੱਡੀ ਪਰਮਿਟ ਦੀ ਅਰਜੀ ਸਵਿਕਾਰ ਕਰਨ ਮਗਰੋਂ ਆਨਲਾਈਨ ਪੜ੍ਹਾਈ ਪੂਰੀ ਕਰਕੇ 31 ਅਗਸਤ 2022 ਤੱਕ ਕੈਨੇਡਾ ਵਿਚ ਆ ਜਾਣ ਵਾਲੇ ਵਿਦਿਆਰਥੀ ਆਪਣਾ ਓਪਨ ਵਰਕ ਪਰਮਿਟ ਲੈਣ ਦੇ ਯੋਗ ਸਮਝੇ ਜਾਣਗੇ। ਹੁਣ ਤੱਕ ਇਹ ਸਮਾਂ ਸੀਮਾ 31 ਦਸੰਬਰ 2021 ਸੀ। ਹਾਲ ਹੀ ਵਿਚ ਨਿਯਮਾਂ ਵਿਚ ਕੀਤੀ ਇਕ ਵੱਖਰੀ ਸੋਧ ਮੁਤਾਬਿਕ ਕੈਨੇਡਾ ਦੇ ਓਪਨ ਵਰਕ ਪਰਮਿਟ ਲਈ ਯੋਗ ਨਾ ਹੋਣ ਵਾਲੇ ਵਿਦਿਆਰਥੀ ਆਪਣੇ ਪਤੀ ਜਾਂ ਪਤਨੀ ਨੂੰ ਕੈਨੇਡਾ ਵਿਚ ਵਰਕ ਪਰਮਿਟ ਉਪਰ ਨਹੀਂ ਬੁਲਾ ਸਕਦੇ। ਇਸੇ ਦੌਰਾਨ ਪਤਾ ਲੱਗਾ ਹੈ ਕਿ 2021 ਦਾ ਇਮੀਗ੍ਰੇਸ਼ਨ ਕੋਟਾ (401000) ਲਗਪਗ ਪੂਰਾ ਹੋ ਜਾਣ ਕਾਰਨ ਐਕਸਪ੍ਰੈਸ ਐਂਟਰੀ ’ਚੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਸਕਿੱਲਡ ਵਰਕਰਜ਼ ਕੈਟੇਗਰੀ ਦੇ ਡਰਾਅ ਕੱਢਣ ਉਪਰ ਰੋਕ ਲਗਾ ਦਿੱਤੀ ਗਈ ਤੇ ਅਧਿਕਾਰੀਆਂ ਵਲੋਂ ਪਰਮਾਨੈਂਟ ਰੈਜੀਡੈਂਸੀ ਲਈ ਹੁਣ ਤੱਕ ਮਿਲ ਚੁੱਕੀਆਂ ਅਰਜੀਆਂ ਦਾ ਨਿਪਟਾਰਾ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। 2022 ਦੇ ਸ਼ੁਰੂ ’ਚ ਹਰੇਕ ਦੂਸਰੇ ਹਫਤੇ ਡਰਾਅ ਨਿਕਲਣੇ ਦੁਬਾਰਾ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ।

Share