ਕੈਨੇਡਾ ਦੀ ਆਬਾਦੀ 2068 ਤੱਕ ਹੋ ਸਕਦੀ ਹੈ ਲਗਭਗ ਦੁੱਗਣੀ; ਅੰਕੜਾ ਏਜੰਸੀ ਵੱਲੋਂ ਖੁਲਾਸਾ

61
Share

ਓਟਾਵਾ, 27 ਅਗਸਤ (ਪੰਜਾਬ ਮੇਲ)-ਕੈਨੇਡਾ ਦੀ ਆਬਾਦੀ 2068 ਵਿਚ ਲਗਭਗ ਦੁੱਗਣੀ ਹੋ ਕੇ 74 ਮਿਲੀਅਨ ਤੱਕ ਪਹੁੰਚ ਸਕਦੀ ਹੈ। ਇਹ ਜਾਣਕਾਰੀ ਰਾਸ਼ਟਰੀ ਅੰਕੜਾ ਏਜੰਸੀ ਨੇ ਦਿੱਤੀ ਹੈ। ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਕ ਸਟੈਟਿਸਟਿਕਸ ਕੈਨੇਡਾ ਨੇ ਐਲਾਨ ਕੀਤਾ ਕਿ ਦੇਸ਼ ਦੀ ਆਬਾਦੀ 2021 ਵਿਚ 38.2 ਮਿਲੀਅਨ ਤੋਂ ਵੱਧ ਕੇ 2043 ਵਿਚ 42.9 ਮਿਲੀਅਨ ਤੋਂ 52.5 ਮਿਲੀਅਨ ਅਤੇ 2068 ਵਿਚ 44.9 ਮਿਲੀਅਨ ਤੋਂ 74 ਮਿਲੀਅਨ ਦੇ ਵਿਚਕਾਰ ਹੋ ਸਕਦੀ ਹੈ।
ਇਕ ਮੱਧਮ-ਵਿਕਾਸ ਦੇ ਦਿ੍ਰਸ਼ ਵਿਚ ਕੈਨੇਡਾ ਦੀ ਆਬਾਦੀ 2043 ਵਿਚ 47.8 ਮਿਲੀਅਨ ਅਤੇ 2068 ਵਿਚ 56.5 ਮਿਲੀਅਨ ਤੱਕ ਪਹੁੰਚ ਜਾਵੇਗੀ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਆਬਾਦੀ ਦੇ ਵਾਧੇ ਦਾ ਮੁੱਖ ਕਾਰਕ ਇਮੀਗ੍ਰੇਸ਼ਨ ਬਣੇ ਰਹਿਣ ਦੀ ਉਮੀਦ ਹੈ ਅਤੇ ਆਉਣ ਵਾਲੇ ਸਾਲਾਂ ਵਿਚ ਕੁਦਰਤੀ ਵਾਧਾ ਘਟੇਗਾ। ਇਸ ਵਿਚ ਕਿਹਾ ਗਿਆ ਹੈ ਕਿ 2020 ਵਿਚ ਪ੍ਰਤੀ ਔਰਤ ਬੱਚਿਆਂ ਦੀ ਗਿਣਤੀ ਦੇਸ਼ ’ਚ ਇਤਿਹਾਸਕ ਤੌਰ ’ਤੇ 1.4 ਦੇ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਅਨੁਮਾਨ ਅਨੁਸਾਰ ਇਹ ਕੁਦਰਤੀ ਵਾਧਾ 2049 ਅਤੇ 2058 ਦੇ ਵਿਚਕਾਰ ਸੰਖੇਪ ਸਮੇਂ ਵਿਚ ਨਕਾਰਾਤਮਕ ਹੋਣ ਦੀ ਸੰਭਾਵਨਾ ਹੈ।
ਆਉਣ ਵਾਲੇ ਦਹਾਕਿਆਂ ’ਚ ਕੈਨੇਡਾ ਦੀ ਆਬਾਦੀ ਦੀ ਉਮਰ ਵੀ ਵਧਦੀ ਰਹੇਗੀ। ਇਸ ਤਰ੍ਹਾਂ ਇਕ ਮੱਧਮ-ਵਿਕਾਸ ਪ੍ਰੋਜੈਕਸ਼ਨ ਦਿ੍ਰਸ਼ ਵਿਚ ਕੈਨੇਡਾ ਵਿਚ ਔਸਤ ਉਮਰ 2021 ਵਿਚ 41.7 ਸਾਲ ਤੋਂ ਵਧ ਕੇ 2043 ਵਿਚ 44.1 ਅਤੇ 2068 ਵਿਚ 45.1 ਹੋ ਜਾਵੇਗੀ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ 85 ਸਾਲ ਅਤੇ ਇਸ ਤੋਂ ਵੱਧ ਉਮਰ ਦੀ ਆਬਾਦੀ ਇਸੇ ਮਿਆਦ ਵਿਚ ਤਿੰਨ ਗੁਣਾ ਤੋਂ ਵੱਧ ਹੋ ਸਕਦੀ ਹੈ, ਮਤਲਬ 2021 ਵਿਚ 871,000 ਤੋਂ 2068 ਵਿਚ 3.2 ਮਿਲੀਅਨ ਹੋ ਸਕਦੀ ਹੈ।

Share