ਕੈਨੇਡਾ ਦੀਆਂ ਵਿਰੋਧੀ ਧਿਰਾਂ ‘ਚ ਸ਼ਾਮਲ ਐੱਨ.ਡੀ.ਪੀ. ਵੱਲੋਂ ਭਾਰਤ ‘ਚ ਜੀ-20 ਗਤੀਵਿਧੀਆਂ ਦੇ ਬਾਈਕਾਟ ਦਾ ਸੱਦਾ

62

ਟੋਰਾਂਟੋ, 3 ਦਸੰਬਰ (ਪੰਜਾਬ ਮੇਲ)- ਕੈਨੇਡਾ ਦੀਆਂ ਵਿਰੋਧੀ ਧਿਰਾਂ ‘ਚ ਸ਼ਾਮਲ ਨਿਊ ਡੈਮੋਕਰੈਟਿਕ ਪਾਰਟੀ ਨੇ ਭਾਰਤ ਵਿਚ ਜੀ-20 ਗਤੀਵਿਧੀਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਪਾਰਟੀ ਨੇ ਇਹ ਸੱਦਾ ਭਾਰਤ ਵਿਚ ਕਥਿਤ ਤੌਰ ‘ਤੇ ਧਾਰਮਿਕ ਘੱਟਗਿਣਤੀਆਂ ਨਾਲ ਹੁੰਦੇ ਮਾੜੇ ਵਰਤਾਅ ਤੇ ਮਨੁੱਖੀ ਹੱਕਾਂ ਦੇ ਰਿਕਾਰਡ ਦੇ ਮੱਦੇਨਜ਼ਰ ਦਿੱਤਾ ਹੈ। ਐੱਨ.ਡੀ.ਪੀ. ਦੇ ਸੰਸਦ ਮੈਂਬਰ ਹੀਥਰ ਮੈਕਫਰਸਨ ਤੇ ਬਲੇਕ ਡੈਸਜਰਲਾਇਸ ਨੇ ਸੱਤਾਧਾਰੀ ਲਿਬਲਰ ਪਾਰਟੀ ਨੂੰ ਭਾਰਤ ਵਿਚ ਜੀ-20 ਗਤੀਵਿਧੀਆਂ ਦਾ ਕੂਟਨੀਤਿਕ ਬਾਈਕਾਟ ਕਰਨ ਲਈ ਕਿਹਾ ਹੈ। ਪਾਰਟੀ ਨੇ ਕਿਹਾ ਕਿ ਭਾਰਤ ਦੀ ਭਾਜਪਾ ਸਰਕਾਰ ‘ਤੇ ਮਨੁੱਖੀ ਹੱਕਾਂ ਦਾ ਸਤਿਕਾਰ ਤੇ ਨਾਗਰਿਕ ਹੱਕਾਂ ਆਜ਼ਾਦੀ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਉਹ ‘ਭਾਰਤ ਵਿਚ ਨਾਗਰਿਕ ਆਜ਼ਾਦੀ ਤੇ ਮਨੁੱਖੀ ਹੱਕਾਂ ਦੇ ਘਾਣ ਪ੍ਰਤੀ ਫ਼ਿਕਰਮੰਦ ਹਨ।’