ਕੈਨੇਡਾ ਤੇ ਆਸਟ੍ਰੇਲੀਆ ਵੱਲੋਂ ਰੂਸ ਖਿਲਾਫ ਨਵੀਂ ਪਾਬੰਦੀਆਂ ਦਾ ਐਲਾਨ

150
Share

– ਕੈਨੇਡਾ ਵੱਲੋਂ ਪੁਤਿਨ ਸਮੇਤ ਲਗਭਗ 1000 ਰੂਸੀ ਨਾਗਰਿਕਾਂ ‘ਤੇ ਪਾਬੰਦੀ
– ਆਸਟ੍ਰੇਲੀਆ ਨੇ ਰੂਸੀ ਪੱਤਰਕਾਰਾਂ ਤੇ ਸਿਵਲ ਅਧਿਕਾਰੀਆਂ ‘ਤੇ ਲਾਈ ਨਵੀਂ ਪਾਬੰਦੀ
ਟੋਰਾਂਟੋ/ਸਿਡਨੀ, 18 ਮਈ (ਪੰਜਾਬ ਮੇਲ)- ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਦੇ ਬਾਅਦ ਉਸ ‘ਤੇ ਪਾਬੰਦੀਆਂ ਲਗਾਉਣ ਦਾ ਸਿਲਸਿਲਾ ਜਾਰੀ ਹੈ। ਹੁਣ ਕੈਨੇਡਾ ਅਤੇ ਆਸਟ੍ਰੇਲੀਆ ਨੇ ਰੂਸ ਖ਼ਿਲਾਫ਼ ਨਵੀਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਕਦਮ ਦੇ ਤਹਿਤ ਕੈਨੇਡਾ ਨੇ ਯੂਕਰੇਨ ਵਿਚ ਸੰਘਰਸ਼ ਨੂੰ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਲਗਭਗ 1,000 ਰੂਸੀ ਨਾਗਰਿਕਾਂ ਦੇ ਦਾਖਲੇ ‘ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਕੈਨੇਡੀਅਨ ਸਿਵਲ ਡਿਫੈਂਸ ਮੰਤਰੀ ਮੈਕਰੇ ਮੇਂਡੀਸੀਨੋ ਨੇ ਕਿਹਾ ਕਿ ਪੁਤਿਨ ਸ਼ਾਸਨ ਦੁਆਰਾ ਕੀਤੇ ਗਏ ਬੇਰਹਿਮ ਹਮਲੇ ਦੇ ਮੱਦੇਨਜ਼ਰ ਕੈਨੇਡਾ ਯੂਕਰੇਨ ਦੇ ਨਾਲ ਖੜ੍ਹਾ ਹੈ ਅਤੇ ਅਸੀਂ ਰੂਸ ਨੂੰ ਉਸ ਦੇ ਅਪਰਾਧਾਂ ਲਈ ਜਵਾਬਦੇਹ ਠਹਿਰਾਵਾਂਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਲਈ ਅਸੀਂ ਹਾਲ ਹੀ ਵਿਚ ਘੋਸ਼ਣਾ ਕੀਤੀ ਹੈ ਕਿ ਅਸੀਂ ਲਗਭਗ 1000 ਰੂਸੀ, ਜਿਨ੍ਹਾਂ ਵਿਚ ਪੁਤਿਨ ਅਤੇ ਉਨ੍ਹਾਂ ਦੇ ਸਾਥੀ ਸ਼ਾਮਲ ਹਨ, ਦੇ ਕੈਨੇਡਾ ਵਿਚ ਦਾਖਲ ਹੋਣ ‘ਤੇ ਪਾਬੰਦੀ ਲਗਾ ਰਹੇ ਹਾਂ।
ਆਸਟ੍ਰੇਲੀਆ ਨੇ ਰੂਸ ਦੇ ਕਈ ਪੱਤਰਕਾਰਾਂ ਅਤੇ ਸਿਵਲ ਅਧਿਕਾਰੀਆਂ ਨੂੰ ਪਾਬੰਦੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਹੈ। ਇਨ੍ਹਾਂ ਵਿਚ ਰੋਸੀਆ ਸੇਗੋਡਨਿਆ ਇੰਟਰਨੈਸ਼ਨਲ ਇਨਫਰਮੇਸ਼ਨ ਏਜੰਸੀ ਦੇ ਡਾਇਰੈਕਟਰ ਜਨਰਲ ਦਮਿੱਤਰੀ ਕਿਸੇਲੇਵ, ਐੱਫ.ਐੱਸ.ਬੀ. ਦੇ ਪਹਿਲੇ ਡਿਪਟੀ ਡਾਇਰੈਕਟਰ ਸਰਗੇਈ ਕੋਰੋਲੇਵ, ਆਰਟੀ ਦੇ ਮੈਨੇਜਿੰਗ ਡਾਇਰੈਕਟਰ ਅਲੈਕਸੀ ਨਿਕੋਲੋਵ, ਅਤੇ ਕਾਰਜਕਾਰੀ ਐਮਰਜੈਂਸੀ ਮੰਤਰੀ ਅਲੈਗਜ਼ੈਂਡਰ ਚੁਪ੍ਰਿਅਨ ਸ਼ਾਮਲ ਹਨ। ਇਹ ਜਾਣਕਾਰੀ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ (ਡੀ.ਐੱਫ.ਏ.ਟੀ.) ਦੇ ਇੱਕ ਦਸਤਾਵੇਜ਼ ਵਿਚ ਦਿੱਤੀ ਗਈ। ਆਲ-ਰਸ਼ੀਅਨ ਸਟੇਟ ਟੈਲੀਵਿਜ਼ਨ ਅਤੇ ਰੇਡੀਓ ਬ੍ਰੌਡਕਾਸਟਿੰਗ ਕੰਪਨੀ ਦੇ ਯੁੱਧ ਸੰਵਾਦਦਾਤਾ ਯੇਵਗੇਨੀ ਪੋਡਡਬਨੀ, ਅਤੇ ਚੈਨਲ ਵਨ ਦੇ ਹੋਸਟ ਮਿਖਾਇਲ ਲਿਓਨਟਯੇਵ ਵੀ ਪਾਬੰਦੀਆਂ ਦੀ ਸੂਚੀ ਵਿਚ ਹਨ। ਸੂਚੀ ਵਿਚ ਵੈਗਨਰ ਪ੍ਰਾਈਵੇਟ ਮਿਲਟਰੀ ਕੰਪਨੀ ਅਤੇ ਦੋ ਬੇਲਾਰੂਸੀਅਨ ਉਦਯੋਗ ਵੀ ਸ਼ਾਮਲ ਹਨ।


Share