ਕੈਨੇਡਾ ਤੇ ਅਮਰੀਕਾ ਵੱਲੋਂ ਸਰਹੱਦੀ ਪਾਬੰਦੀਆਂ ਨਵੰਬਰ ਤੱਕ ਵਧਾਏ ਜਾਣ ਦੀ ਸੰਭਾਵਨਾ

508
Share

ਟੋਰਾਂਟੋ, 17 ਸਤੰਬਰ (ਪੰਜਾਬ ਮੇਲ)-ਸੀਨੀਅਰ ਸਰਕਾਰੀ ਸੂਤਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੈਨੇਡਾ ਤੇ ਅਮਰੀਕਾ ਵੱਲੋਂ ਸਰਹੱਦੀ ਪਾਬੰਦੀਆਂ ਨਵੰਬਰ ਤੱਕ ਵਧਾਏ ਜਾਣ ਦੀ ਸੰਭਾਵਨਾ ਹੈ।
ਗੈਰ-ਜ਼ਰੂਰੀ ਆਵਾਜਾਈ ਲਈ ਅਮਰੀਕਾ-ਕੈਨੇਡਾ ਸਰਹੱਦ ਉੱਤੇ ਲਾਈ ਗਈ ਪਾਬੰਦੀ ਦੀ ਮਿਆਦ 21 ਸਤੰਬਰ ਨੂੰ ਮੁੱਕਣ ਵਾਲੀ ਹੈ। ਸੂਤਰਾਂ ਨੇ ਦੱਸਿਆ ਕਿ ਇਹ ਪਾਬੰਦੀਆਂ ਉਦੋਂ ਤੱਕ ਜਾਰੀ ਰਹਿ ਸਕਦੀਆਂ ਹਨ, ਜਦੋਂ ਤੱਕ ਕੋਵਿਡ-19 ਮਹਾਮਾਰੀ ਨੂੰ ਨਿਯੰਤਰਨ ਹੇਠ ਨਹੀਂ ਮੰਨ ਲਿਆ ਜਾਂਦਾ। ਯਾਤਰਾ ਪਾਬੰਦੀ ਪਹਿਲੀ ਵਾਰੀ ਮਾਰਚ ਵਿਚ ਲਾਈ ਗਈ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਨੂੰ ਹਰ ਮਹੀਨੇ ਨਵਿਆਇਆ ਜਾ ਰਿਹਾ ਹੈ। ਸੈਲਾਨੀਆਂ ਤੇ ਸਰਹੱਦੋਂ ਆਰ-ਪਾਰ ਗੈਰ-ਜ਼ਰੂਰੀ ਆਵਾਜਾਈ ਉੱਤੇ ਵੀ ਰੋਕ ਹੈ ਪਰ ਵਣਜ ਤੇ ਵਪਾਰ ਨੂੰ ਇਸ ਮਾਮਲੇ ਵਿਚ ਛੋਟ ਦਿੱਤੀ ਗਈ ਹੈ।
ਕੋਰੋਨਾਵਾਇਰਸ ਮਹਾਮਾਰੀ ਐਲਾਨੇ ਜਾਣ ਤੋਂ ਬਾਅਦ ਇਨ੍ਹਾਂ ਪਾਬੰਦੀਆਂ ਵਿਚ ਛੇਵੀਂ ਵਾਰੀ ਵਾਧਾ ਕੀਤਾ ਗਿਆ ਹੈ। ਕੈਨੇਡਾ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਹੋਏ ਇਜ਼ਾਫੇ ਦੇ ਮੱਦੇਨਜ਼ਰ ਇਹ ਤਾਜ਼ਾ ਵਾਧਾ ਕੀਤਾ ਗਿਆ ਹੈ। ਮੰਗਲਵਾਰ ਨੂੰ ਕਿਊਬਿਕ ਵਿਚ ਕੋਵਿਡ-19 ਦੇ 292 ਮਾਮਲੇ ਰਿਪੋਰਟ ਕੀਤੇ ਗਏ, ਜੋ ਦੇਸ਼ ਵਿਚ ਸਭ ਤੋਂ ਵੱਧ ਸਨ। ਇਸ ਤੋਂ ਬਾਅਦ ਓਨਟਾਰੀਓ ਦਾ ਨੰਬਰ ਆਇਆ, ਜਿੱਥੇ ਮੰਗਲਵਾਰ ਨੂੰ ਕੋਵਿਡ-19 ਦੇ 251 ਮਾਮਲੇ ਦਰਜ ਕੀਤੇ ਗਏ। ਮਈ ਤੋਂ ਬਾਅਦ ਇਹ ਸਭ ਤੋਂ ਵੱਧ ਮਾਮਲੇ ਦੱਸੇ ਜਾ ਰਹੇ ਹਨ।
ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੇਮ ਵੱਲੋਂ ਕੈਨੇਡੀਅਨਾਂ ਨੂੰ ਫਿਜ਼ੀਕਲ ਡਿਸਟੈਂਸਿੰਗ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਤੇ ਹੋਰ ਪਬਲਿਕ ਹੈਲਥ ਦਿਸ਼ਾ-ਨਿਰਦੇਸ਼ਾਂ ਨੂੰ ਮੰਨਣ ਦੀ ਅਪੀਲ ਕੀਤੀ ਜਾ ਰਹੀ ਹੈ?


Share