ਟੋਰਾਂਟੋ, 27 ਅਗਸਤ (ਪੰਜਾਬ ਮੇਲ)- ਮਨੁੱਖੀ ਤਸਕਰੀ ਦੇ ਦੋਸ਼ਾਂ ਤਹਿਤ ਕੈਨੇਡਾ ’ਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਸ ਕੇਸ ਵਿਚ ਪੀੜਤ ਦੀ ਉਮਰ 18 ਸਾਲ ਤੋਂ ਘੱਟ ਹੈ। ਅਖਬਾਰ ਦੀ ਰਿਪੋਰਟ ਅਨੁਸਾਰ ਪੁਲਿਸ ਨੇ ਬਰੈਂਪਟਨ ਸ਼ਹਿਰ ਤੋਂ ਤਿੰਨ ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ, ਜਦੋਂ ਕਿ ਚੌਥੇ ਦੀ ਭਾਲ ਜਾਰੀ ਹੈ, ਜੋ ਦੱਖਣੀ ਏਸ਼ੀਆ ਤੋਂ ਹੈ। ਇਹ ਮਾਮਲਾ 18 ਸਾਲ ਤੋਂ ਘੱਟ ਉਮਰ ਦੀ ਲੜਕੀ ਦੀ ਤਸਕਰੀ ਦੀ ਜਾਂਚ ਨਾਲ ਸਬੰਧਤ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 23 ਸਾਲਾ ਅੰਮਿ੍ਰਤਪਾਲ ਸਿੰਘ ਅਤੇ 22 ਸਾਲਾ ਹਰਕੁਵਰ ਸਿੰਘ ’ਤੇ 18 ਸਾਲ ਤੋਂ ਘੱਟ ਉਮਰ ਦੀ ਲੜਕੀ ਦੀ ਤਸਕਰੀ, 18 ਸਾਲ ਤੋਂ ਘੱਟ ਉਮਰ ਦੀ ਲੜਕੀ ਦਾ ਜਿਨਸੀ ਸੋਸ਼ਣ, ਕੈਦ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਹਨ। ਖ਼ਬਰ ਮੁਤਾਬਕ 23 ਸਾਲਾ ਸੁਖਮਨਪ੍ਰੀਤ ਸਿੰਘ ’ਤੇ ਕੈਦ ਵਿਚ ਰੱਖਣ ਅਤੇ ਹਮਲੇ ਕਰਨ ਦੇ ਦੋਸ਼ ਹਨ। ਲੜਕੀ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਬੀਤੇ ਦਿਨੀਂ ਪੇਸ਼ ਕੀਤਾ ਗਿਆ ਸੀ।