ਕੈਨੇਡਾ ‘ਚ ਸਰਕਾਰੀ ਕਾਮਿਆਂ, ਰੇਲ ਅਤੇ ਹਵਾਈ ਸੇਵਾ ਕਰਨ ਲਈ ਵੈਕਸੀਨੇਟ ਹੋਣਾ ਲਾਜ਼ਮੀ

431
Share

ਸਰੀ, 14 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)- ਕੈਨੇਡਾ ਦੇ ਵਿੱਚ ਸਾਰੇ ਫੈਡਰਲ ਅਧਿਕਾਰੀਆਂ, ਕਰਮਚਾਰੀਆਂ ਅਤੇ ਦੇਸ਼ ਵਿਚ ਹਵਾਈ ਸੇਵਾ ਜਾਂ ਰੇਲ ਸੇਵਾ ਦੀ ਵਰਤੋਂ ਕਰਨ ਵਾਲਿਆਂ ਲਈ ਕੋਵਿਡ-19 ਸਬੰਧੀ ਪੂਰੀ ਤਰ੍ਹਾਂ ਵੈਕਸੀਨੇਟ ਹੋਣਾ ਲਾਜ਼ਮੀ ਹੋਵੇਗਾ। ਇਹ ਹੁਕਮ 29 ਅਕਤੂਬਰ ਤੋਂ ਬਾਅਦ ਲਾਗੂ ਹੋ ਜਾਣਗੇ ਅਤੇ ਜੇਕਰ ਫੈਡਰਲ ਕਰਮਚਾਰੀ 29 ਅਕਤੂਬਰ ਤੱਕ ਪੂਰੀ ਤਰ੍ਹਾਂ ਵੈਕਸੀਨੇਟ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਤਨਖਾਹ ਤੋਂ ਬਿਨਾਂ ਪ੍ਰਸ਼ਾਸਨਿਕ ਛੁੱਟੀ ‘ਤੇ ਭੇਜ ਦਿੱਤਾ ਜਾਵੇਗਾ।
ਇਹ ਐਲਾਨ ਕਰਦਿਆਂ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਇਹ ਨਿਯਮ ਹਵਾਈ ਸੇਵਾ ਅਤੇ ਰੇਲ ਕਰਮਚਾਰੀਆਂ ਲਈ ਵੀ ਲਾਗੂ ਕੀਤੇ ਜਾ ਰਹੇ ਹਨ। ਘਰਾਂ ਤੋਂ ਕੰਮ ਕਰ ਰਹੇ ਜਾਂ ਦੇਸ਼ ਦੇ ਬਾਹਰ ਤੋਂ ਕੰਮ ਕਰ ਰਹੇ ਕਰਮਚਾਰੀਆਂ ਵੀ ਇਸ ਕਾਨੂੰਨ ਦੇ ਘੇਰੇ ਵਿਚ ਆਉਣਗੇ।
ਇਸੇ ਦੌਰਾਨ ਕੁਝ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦਾ ਪ੍ਰਭਾਵ ਕਰੀਬ 267,000 ਪਬਲਿਕ ਸੇਵਾਵਾਂ ਅਤੇ ਆਰ.ਸੀ.ਐਮ.ਪੀ. ਅਫਸਰਾਂ ‘ਤੇ ਪਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਕੇਸਾਂ ਵਿਚ ਛੋਟਾਂ ਦਿੱਤੀਆਂ ਜਾ ਸਕਦੀਆਂ ਹਨ ਪਰ ਉਸ ਦੇ ਨਿਯਮ ਵੀ ਤੈਅ ਹੋਣਗੇ। ਇਸ ਸਬੰਧ ਵਿਚ 30 ਨਵੰਬਰ ਤਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਸ ਸਮੇਂ ਦੌਰਾਨ ਕੋਵਿਡ-19 ਦੇ ਨੈਗੇਟਿਵ ਰਿਜ਼ਲਟ ਵਿਖਾ ਕੇ ਯਾਤਰਾ ਕੀਤੀ ਜਾ ਸਕੇਗੀ।


Share