ਟੋਰਾਂਟੋ, 15 ਜੂਨ (ਪੰਜਾਬ ਮੇਲ)- ਕੈਨੇਡਾ ‘ਚ ਪੜ੍ਹਨ ਜਾ ਰਹੇ ਵਿਦੇਸ਼ੀ ਵਿਦਿਆਰਥੀਆਂ ਦੇ ਉੱਥੇ ਪੱਕੇ ਹੋਣ ਦੇ ਮੌਕਿਆਂ ਵਿਚ ਓਪਨ ਵਰਕ ਪਰਮਿਟ ਰੀੜ੍ਹ ਦੀ ਹੱਡੀ ਵਜੋਂ ਸਹਾਇਤਾ ਕਰਦਾ ਹੈ। ਕੈਨੇਡਾ ‘ਚ ਕਿਊਬਕ ਹੀ ਇਕ ਅਜਿਹਾ ਪ੍ਰਾਂਤ ਹੈ, ਜਿੱਥੇ ਨਿੱਜੀ ਕਾਲਜਾਂ ਤੋਂ ਪੜ੍ਹਾਈ ਖ਼ਤਮ ਕਰਕੇ ਵੀ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ, ਜਦਕਿ ਬਾਕੀ ਸਾਰੇ ਪ੍ਰਾਂਤਾਂ ਵਿਚ ਵਿਦੇਸ਼ੀ ਵਿਦਿਆਰਥਿਆਂ ਲਈ ਉਨ੍ਹਾਂ ਅਦਾਰਿਆਂ (ਡੈਜ਼ੀਗਨੇਟਿਡ ਲਰਨਿੰਗ ਇੰਸਟੀਚਿਊਸ਼ਨ) ਵਿਚ ਪੜ੍ਹਨਾ ਜ਼ਰੂਰੀ ਹੈ, ਜਿਨ੍ਹਾਂ ਨੂੰ ਸਰਕਾਰ ਵਲੋਂ ਫੰਡਿੰਗ (ਸਬਸਿਡੀ) ਵੀ ਦਿੱਤੀ ਜਾਂਦੀ ਹੋਵੇ।
ਬੀਤੇ ਸਮੇਂ ਤੋਂ ਕੁਝ ਨਿੱਜੀ ਕਾਲਜਾਂ ਵਲੋਂ ਵਿਦੇਸ਼ੀ ਵਿਦਿਅਰਥੀਆਂ ਤੋਂ ਮੋਟੀਆਂ ਫੀਸਾਂ (1 ਸਾਲ ਦੀ ਟਿਊਸ਼ਨ ਦੇ 25000 ਡਾਲਰ) ਉਗਰਾਹ ਕੇ ਦੀਵਾਲਾ ਕੱਢ ਦੇਣ ਅਤੇ ਹੋਰ ਧਾਂਦਲੀਆਂ ਚਰਚਿਤ ਰਹਿਣ ਤੋਂ ਬਾਅਦ ਹੁਣ ਕੈਨੇਡਾ ਅਤੇ ਕਿਊਬਿਕ ਦੀਆਂ ਸਰਕਾਰਾਂ ਨੇ ਸਾਂਝੇ ਤੌਰ ‘ਤੇ ਇਸ ਮਸਲੇ ਨੂੰ ਹੱਲ ਕਰਨ ਦਾ ਯਤਨ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਅਤੇ ਕਿਊਬਕ ਦੇ ਕਿਰਤ ਮੰਤਰੀ ਜੀਨ ਬੂਲੇ ਨੇ ਸਾਂਝੇ ਬਿਆਨ ‘ਚ ਕਿਹਾ ਕਿ ਸਤੰਬਰ 2023 ਤੋਂ ਨਿੱਜੀ ਕਾਲਜਾਂ ਵਿਚ ਪੜ੍ਹਾਈ ਪੂਰੀ ਕਰਨ ਵਾਲੇ ਵਿਦੇਸ਼ੀ ਵਿਦਿਆਰਥੀ ਓਪਨ ਵਰਕ ਪਰਮਿਟ ਲੈਣ ਦੇ ਯੋਗ ਨਹੀਂ ਹੋਣਗੇ। ਇਸ ਰੋਕ ਨਾਲ ਵਿਦੇਸ਼ਾਂ ਤੋਂ ਨਿੱਜੀ ਕਾਲਜਾਂ ਵਿਚ ਦਾਖਲੇ ਆਪਣੇ ਆਪ ਖ਼ਤਮ ਹੋ ਜਾਣੇ ਹਨ ਕਿਉਂਕਿ ਲੋਕਾਂ ਦਾ ਸਾਰਾ ਧਿਆਨ ਓਪਨ ਵਰਕ ਪਰਮਿਟ ਅਤੇ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵੱਲ ਹੁੰਦਾ ਹੈ।
ਭਾਰਤ ਤੋਂ ਕਿਊਬਕ ‘ਚ ਵਿਦਿਆਰਥੀ ਵਜੋਂ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਬੀਤੇ ਕੁਝ ਸਾਲਾਂ ਦੌਰਾਨ ਤੇਜ਼ੀ ਨਾਲ਼ ਵਧੀ ਹੈ, ਜੋ 2017 ‘ਚ 2686 ਤੋਂ ਵਧ ਕੇ 2020 ‘ਚ 14712 ਹੋ ਗਈ ਸੀ। ਇਹ ਵੀ ਕਿ ਉਨ੍ਹਾਂ ਵਿਚ ਬਹੁਤ ਵੱਡੀ ਗਿਣਤੀ ਨੌਜਵਾਨ ਨਿੱਜੀ ਕਾਲਜਾਂ ‘ਚ ਦਾਖਲੇ ਲੈ ਕੇ ਗਏ। ਜਦੋਂ ਕਿਸੇ ਕਾਲਜ ਵਲੋਂ ਖੱਜਲ਼-ਖੁਆਰ ਕੀਤਾ ਜਾਂਦਾ ਸੀ, ਤਾਂ ਪ੍ਰੇਸ਼ਾਨ ਹੋਣ ਵਾਲੇ ਮੁੰਡੇ ਅਤੇ ਕੁੜੀਆਂ ਆਮ ਤੌਰ ‘ਤੇ ਭਾਰਤੀ ਹੀ ਹੁੰਦੇ ਸਨ।