ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ

528
Share

ਮਿਸੀਸਾਗਾ/ਫ਼ਿਰੋਜ਼ਪੁਰ, 11 ਅਕਤੂਬਰ (ਪੰਜਾਬ ਮੇਲ)-ਕੈਨੇਡਾ ’ਚ ਪੰਜਾਬੀ ਨੌਜਵਾਨ ਨਿਤਿਨ ਸ਼ਰਮਾ (22) ਪੁੱਤਰ ਅਸ਼ੋਕ ਸ਼ਰਮਾ ਦੀ ਇਕ ਹਸਪਤਾਲ ’ਚ ਭੇਤਭਰੀ ਹਾਲਤ ’ਚ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਨਿਤਿਨ ਦੇ ਪਿਤਾ ਅਸ਼ੋਕ ਸ਼ਰਮਾ (ਜੋ ਫਿਰੋਜ਼ਪੁਰ ਦੇ ਇੱਛੇਵਾਲਾ ਰੋਡ ’ਤੇ ਘਰ ਦੇ ਹੇਠਾਂ ਦੁਕਾਨ ਕਰਦੇ ਹਨ) ਦੇ ਘਰ ’ਚ ਜਦੋਂ ਇਸ ਗੱਲ ਦਾ ਪਤਾ ਲੱਗਾ, ਤਾਂ ਪਰਿਵਾਰਕ ਮੈਂਬਰਾਂ ’ਚ ਚੀਕ-ਚਿਹਾੜਾ ਪੈ ਗਿਆ ਅਤੇ ਆਪਣੇ ਬੱਚੇ ਨੂੰ ਕੈਨੇਡਾ ਭੇਜਦੇ ਸਮੇਂ ਇਸ ਪਰਿਵਾਰ ਨੇ ਜੋ ਸੁਫ਼ਨੇ ਦੇਖੇ ਸਨ, ਉਹ ਸਾਰੇ ਇਕ ਹੀ ਪਲ ’ਚ ਚਕਨਾਚੂਰ ਹੋ ਗਏ। ਨਿਤਿਨ ਦੇ ਪਿਤਾ ਨੇ ਦੱਸਿਆ ਕਿ ਕੈਨੇਡਾ ’ਚ ਰਹਿੰਦੇ ਕੁਝ ਲੜਕੇ, ਜੋ ਪਹਿਲਾਂ-ਪਹਿਲਾਂ ਤਕਰੀਬਨ 3 ਮਹੀਨੇ ਉਸ ਦੇ ਨਾਲ ਇਕ ਹੀ ਕਮਰੇ ’ਚ ਰਹੇ, ਉਨ੍ਹਾਂ ਨੇ ਨਿਤਿਨ ਨਾਲ ਕੁੱਟਮਾਰ ਕੀਤੀ ਸੀ ਤੇ ਉਸ ਦੇ ਘਰ ਵਿਚ ਉਸ ਨੂੰ ਹੇਠਾਂ ਬੁਲਾ ਕੇ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਸੀ। ਇਹ ਲੜਕੇ ਤਲਵਾਰਾਂ ਦਿਖਾ ਕੇ ਨਿਤਿਨ ਤੋਂ ਪੈਸੇ ਮੰਗਦੇ ਸਨ ਅਤੇ ਉਸ ਨੂੰ ਮੋਬਾਇਲ ਫੋਨ ਜਾਂ ਪਾਸਵਰਡ ਦੇਣ ਲਈ ਮਜਬੂਰ ਕਰਦੇ ਸਨ।
ਉਸ ਸਮੇਂ ਜ਼ਖ਼ਮੀ ਹੋਏ ਨਿਤਿਨ ਨੂੰ ਟਿ੍ਰਲੀਅਮ ਹੈਲਥ ਪਾਰਟਨਰਸ ਮਿਸੀਸਾਗਾ ’ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ। ਅਸ਼ੋਕ ਸ਼ਰਮਾ ਨੇ ਦੱਸਿਆ ਕਿ ਛੁੱਟੀ ਮਿਲਣ ਤੋਂ ਬਾਅਦ ਵੀ ਨਿਤਿਨ ਦਾ ਸਿਰਦਰਦ ਹੁੰਦਾ ਰਹਿੰਦਾ ਸੀ ਅਤੇ ਜਦੋਂ ਉਹ ਦੁਬਾਰਾ ਚੈੱਕਅਪ ਲਈ ਹਸਪਤਾਲ ਗਿਆ ਤਾਂ ਡਾਕਟਰਾਂ ਨੇ ਉਸ¿; ਨੂੰ ਦੱਸਿਆ ਕਿ ਸਿਰ ’ਚ ਸੱਟ ਲੱਗੀ ਹੋਣ ਕਾਰਨ ਉਸ ਦੇ ਬ੍ਰੇਨ ’ਚ ਮੁਸ਼ਕਿਲ ਪੇਸ਼ ਆ ਰਹੀ ਹੈ। ਮਿ੍ਰਤਕ ਨੌਜਵਾਨ ਦੇ ਪਿਤਾ ਦੇ ਅਨੁਸਾਰ ਹਮਲਾ ਕਰਨ ਵਾਲੇ ਇਹ ਲੜਕੇ ਨਿਤਿਨ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਤੇ ਉਸ ਨੂੰ ਕੁਝ ਦਿਨਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।
ਉਸ ਨੇ ਦੱਸਿਆ ਕਿ ਹੁਣ ਜਦੋਂ ਨਿਤਿਨ ਨੂੰ ਫਿਰ ਤੋਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੀ ਐੱਮ.ਆਰ.ਆਈ. ਹੋਈ ਅਤੇ ਉਸ ਦੇ ਬ੍ਰੇਨ ਦੀ ਸਰਜਰੀ ਕਰਨੀ ਪਈ। ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ ਦੇ ਸਿਰ ’ਚ ਲੱਗੀਆਂ ਸੱਟਾਂ ਕਾਰਨ ਮੌਤ ਹੋਈ ਹੈ ਅਤੇ ਹਮਲਾ ਕਰਨ ਵਾਲੇ ਉਹ ਸਾਰੇ ਲੜਕੇ ਨਿਤਿਨ ਦੀ ਮੌਤ ਲਈ ਜ਼ਿੰਮੇਵਾਰ ਹਨ ਤੇ ਇਹ ਸਾਰੇ ਲੜਕੇ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ, ਜੋ ਇਸ ਸਮੇਂ ਕੈਨੇਡਾ ’ਚ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਬੇਟੇ ਦਾ ਭਵਿੱਖ ਉਜਵਲ ਬਣਾਉਣ ਲਈ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਉਸ ਨੂੰ ਕੈਨੇਡਾ ਭੇਜਿਆ ਸੀ ਪਰ ਅੱਜ ਬੇਵੱਸ ਹੋ ਕੇ ਉਹ ਨਿਤਿਨ ਦੀ ਲਾਸ਼ ਦੇ ਆਉਣ ਦੀ ਉਡੀਕ ਕਰ ਰਹੇ ਹਨ।
ਨਿਤਿਨ ਦੀ ਲਾਸ਼ ਟਿ੍ਰਲੀਅਮ ਹੈਲਥ ਪਾਰਟਨਰਸ ਹਸਪਤਾਲ ਮਿਸੀਸਾਗਾ ’ਚ ਰੱਖੀ ਗਈ ਹੈ। ਉਸ ਦੀ ਲਾਸ਼ ਫ਼ਿਰੋਜ਼ਪੁਰ ਲਿਆਉਣ ਲਈ ਤਕਰੀਬਨ 22 ਹਜ਼ਾਰ ਡਾਲਰ ਜਮ੍ਹਾ ਹੋਣੇ ਹਨ ਤੇ ਉਸ ਦੇ ਦੋਸਤ ਪੈਸੇ ਇਕੱਠੇ ਕਰ ਕੇ ਲਾਸ਼ ਫ਼ਿਰੋਜ਼ਪੁਰ ਮੰਗਵਾਉਣ ਦੀ ਤਿਆਰੀ ਕਰ ਰਹੇ ਹਨ। 22 ਹਜ਼ਾਰ ਡਾਲਰ ਜਮ੍ਹਾ ਕਰਵਾਉਣ ’ਚ ਕੈਨੇਡਾ ’ਚ ਰਹਿੰਦੇ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਸਹਿਯੋਗ ਦੇ ਰਹੇ ਹਨ। ਉਸ ਦੇ ਦੋਸਤਾਂ ਨੇ ਇਕ ਪੇਜ ਬਣਾਇਆ ਹੈ, ਜਿਸ ’ਚ ਲੋਕਾਂ ਤੋਂ ਲਾਸ਼ ਭਾਰਤ ’ਚ ਭੇਜਣ ਲਈ ਮਦਦ ਮੰਗੀ ਜਾ ਰਹੀ ਹੈ।

Share