ਬ੍ਰਿਟਿਸ਼ ਕੋਲੰਬੀਆ, 22 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ’ਚ ਬੀਤੇਂ ਦਿਨੀ 12 ਜਨਵਰੀ ਨੂੰ ਐਬਟਸਫੋਰਡ, ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਤ ਇਕ ਹੋਰ ਅੰਤਰਰਾਸ਼ਟਰੀ ਵਿਦਿਆਰਥੀ ਰਾਹੁਲ ਸੁਮਨ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜੋ ਪੰਜਾਬ ਤੋਂ ਜ਼ਿਲ੍ਹਾ ਜਲੰਧਰ ਦੇ ਪਿੰਡ ਮੁਆਈ ਦਾ ਜੰਮਪਲ ਸੀ। ਆਪਣੇ ਕਮਰੇ ’ਚ ਸੁੱਤੇ ਪਏ ਇਸ ਨੌਜਵਾਨ ਦੀ ਮੌਤ ਦਾ ਕਾਰਨ ਅਚਾਨਕ ਪਿਆ ਦਿਲ ਦਾ ਦੌਰਾ ( 8 1) ਦੱਸਿਆ ਜਾ ਰਿਹਾ ਹੈ।
ਰਾਹੁਲ ਸੁਮਨ ਦੀ ਕੈਨੇਡਾ ’ਚ ਅਚਾਨਕ ਮੌਤ ਹੋ ਜਾਣ ’ਤੇ ਉਸ ਦੀ ਮਿ੍ਰਤਕ ਦੇਹ ਨੂੰ ਪੰਜਾਬ ਵਿਚ ਉਸ ਦੀ ਜਨਮ ਭੂਮੀ ਪਿੰਡ ਮੁਆਈ ਵਿਖੇ ਉਸ ਦੇ ਮਾਪਿਆਂ ਕੋਲ਼ ਪੁੱਜਦੀ ਕਰਨ ਖਾਤਰ ਉਸ ਦੇ ਨਜ਼ਦੀਕੀ ਦੋਸਤ ਨਵਤੇਜ ਖੇਲਾਂ ਨੇ ਗੋਫੰਡਮੀ ਪੇਜ ਸ਼ੁਰੂ ਕੀਤਾ ਹੈ, ਤਾਂ ਜੋ ਉਸ ਦੀ ਮਿ੍ਰਤਕ ਦੇਹ ਉਸ ਦੀ ਜਨਮ ਭੂਮੀ ’ਤੇ ਪਹੁੰਚਦੀ ਕੀਤੀ ਜਾ ਸਕੇ। ਉਸ ਦੇ ਸੰਬੰਧੀਆਂ ਨੇ ਵਿਦੇਸ਼ ’ਚ ਵੱਸਦੇ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਔਖੀ ਘੜੀ ’ਚ ਦੁੱਖੀ ਪਰਿਵਾਰ ਦੀ ਮਦਦ ਕਰਨ ਲਈ ਅੱਗੇ ਆਉਣ ਅਤੇ ਬਣਦਾ-ਸਰਦਾ ਹਿੱਸਾ ਪਾਉਣ, ਤਾਂ ਜੋ ਰਾਹੁਲ ਦੀ ਮਿ੍ਰਤਕ ਦੇਹ ਪੰਜਾਬ ਪਹੁੰਚਾਈ ਜਾਵੇ। ਮਿ੍ਰਤਕ ਰਾਹੁਲ ਸੁਮਨ ਅਲੈਗਜੈਂਡਰ ਕਾਲਜ ਦਾ ਇਕ ਹੋਣਹਾਰ ਵਿਦਿਆਰਥੀ ਸੀ।
ਦੱਸ ਦੇਈਏ ਕਿ ਬੀਤੇ ਦਿਨੀਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਇਕ ਹੋਰ ਅੰਤਰਰਾਸ਼ਟਰੀ ਵਿਦਿਆਰਥੀ ਸਿਮਰਜੀਤ ਸਿੰਘ ਦਹੇਲੇ ਦੀ ਮੌਤ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਸੀ। ਇਹ ਨੌਜਵਾਨ 2 ਸਾਲ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਸਿਰਫ਼ 19 ਸਾਲਾਂ ਦਾ ਸੀ। ਸਿਮਰਜੀਤ ਸਿੰਘ ਦਹੇਲੇ ਪੰਜਾਬ ਦੇ ਸ਼ਹਿਰ ਲੁਧਿਆਣਾ ਨਾਲ ਸਬੰਧ ਰੱਖਦਾ ਸੀ।