ਕੈਨੇਡਾ ’ਚ ਪਾਰਕਿੰਗ ’ਚ ਗੱਡੀ ਲਾਉਣ ਤੋਂ ਹੋਏ ਝਗੜੇ ’ਚ ਪੰਜਾਬੀ ਨੌਜਵਾਨ ਦਾ ਕਤਲ

1312
Share

ਨੋਵਾਸਕੋਚੀਆ, 8 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਕੈਨੇਡਾ ਦੇ ਨੋਵਾਸਕੋਚੀਆ ਸੂਬੇ ਦੇ ਸ਼ਹਿਰ ਹੈਲੀਪੈਕ ਵਿਖੇ ਪੰਜਾਬ ਤੋਂ ਇੱਥੇ ਪੜ੍ਹਨ ਆਏ ਇਕ ਪੰਜਾਬੀ ਮੂਲ ਦੇ ਨੌਜਵਾਨ ਵਿਦਿਆਰਥੀ ਪ੍ਰਭਜੋਤ ਸਿੰਘ ਦਾ ਚਾਕੂ ਮਾਰ ਕੇ ਕਤਲ ਕੀਤੇ ਦੇਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾਂਦਾ ਹੈ ਕਿ ਪ੍ਰਭਜੋਤ ਸਿੰਘ ਨਾਲ ਉਸ ਦੇ ਘਰ ਦੇ ਸਾਹਮਣੇ ਹੀ ਪਾਰਕਿੰਗ ’ਚ ਗੱਡੀ ਲਾਉਣ ਨੂੰ ਲੈ ਕੇ 2 ਗੋਰਿਆਂ ਨੇ ਝਗੜਾ ਕੀਤਾ। ਉਨ੍ਹਾਂ ਗੋਰਿਆਂ ਵੱਲੋਂ ਪ੍ਰਭਜੋਤ ਸਿੰਘ ਦੀ ਗਰਦਨ ’ਤੇ ਤੇਜ਼ਧਾਰ ਚਾਕੂ ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਉਸ ਦਾ ਜ਼ਿਆਦਾ ਖ਼ੂਨ ਵਹਿ ਗਿਆ ਤੇ ਉਸ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ।
ਪ੍ਰਭਜੋਤ ਸਿੰਘ ਕੈਨੇਡਾ ’ਚ ਆਪਣੀ ਭੈਣ ਅਤੇ ਜੀਜੇ ਨਾਲ ਰਹਿ ਰਿਹਾ ਸੀ ਤੇ ਉਹ 4 ਕੁ ਸਾਲ ਪਹਿਲਾਂ ਕੈਨੇਡਾ ਪੜ੍ਹਨ ਲਈ ਆਇਆ ਸੀ। ਹਾਲ ਹੀ ਵਿਚ ਉਸ ਦਾ ਕੈਨੇਡਾ ਦੀ ਪੀ.ਆਰ. ਲਈ ਕੇਸ ਲੱਗਾ ਸੀ। ਪ੍ਰਭਜੋਤ ਦੇ ਦੋਸਤਾਂ ਮੁਤਾਬਕ ਉਹ ਬਹੁਤ ਹੀ ਮਿਲਣਸਾਰ ਤੇ ਸਾਊ ਸੁਭਾਅ ਦਾ ਨੌਜਵਾਨ ਸੀ। ਪੁਲਿਸ ਮੁਤਾਬਕ ਇਹ ਘਟਨਾ ਰਾਤ 2 ਕੁ ਵਜੇ ਦੀ ਹੈ ਤੇ 5:00 ਵਜੇ ਤੱਕ ਪੁਲਿਸ ਨੇ ਇਕ ਹਮਲਾਵਰ ਨੂੰ ਕਾਬੂ ਕਰ ਲਿਆ ਸੀ। ਹਮਲਾਵਰ ਇਕ ਜਾਂ 2 ਤੋਂ ਵੱਧ ਵੀ ਹੋ ਸਕਦੇ ਹਨ, ਕਿਉਂਕਿ ਪੁਲਿਸ ਨੇੜੇ ਦੀਆਂ ਸੀ.ਸੀ.ਟੀ.ਵੀ. ਫੁਟੇਜ਼ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਭਜੋਤ ਸਿੰਘ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਸੰਗਰੂਰ ਨਾਲ ਦੱਸਿਆ ਜਾਂਦਾ ਹੈ।

Share