ਕੈਨੇਡਾ ’ਚ ਤਿਰੰਗਾ ਕਾਰ ਰੈਲੀ ਦੌਰਾਨ ਹਮਲਾ ਕਰਨ ਵਾਲਾ ਵਿਅਕਤੀ ਗਿ੍ਰਫ਼ਤਾਰ

161
Share

ਓਨਟਾਰੀਓ, 8 ਮਾਰਚ (ਪੰਜਾਬ ਮੇਲ)- ਕੈਨੇਡਾ ’ਚ ਤਿਰੰਗਾ ਕਾਰ ਰੈਲੀ ਦੌਰਾਨ ਹਮਲਾ ਕਰਨ ਵਾਲੇ ਇਕ ਸ਼ਖਸ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ। 28 ਫਰਵਰੀ ਨੂੰ ਆਯੋਜਿਤ ਤਿਰੰਗਾ-ਮੇਪਲ ਕਾਰ ਰੈਲੀ ਦੌਰਾਨ ਹਿੰਸਾ ਦੇ ਮਾਮਲੇ ਵਿਚ ਪੁਲਿਸ ਵੱਲੋਂ ਹਾਲੇ ਕੁਝ ਹੋਰ ਗਿ੍ਰਫ਼ਤਾਰੀਆਂ ਕੀਤੀਆਂ ਜਾ ਸਕਦੀਆਂ ਹਨ। ਓਨਟਾਰੀਓ ਪੁਲਿਸ ਮੁਤਾਬਕ 28 ਫਰਵਰੀ ਨੂੰ ਸ਼ਾਮ 4 ਵਜੇ ਬਰੈਂਪਟਨ ਵਿਚ ਰੈਲੀ ਵਿਚ ਸ਼ਾਮਲ ਬੀਬੀ ਦੀ ਕਾਰ ਸਾਹਮਣੇ ਅਚਾਨਕ ਇਕ ਸ਼ਖਸ ਆ ਗਿਆ। ਇਸ ਮਗਰੋਂ ਬੀਬੀ ਅਤੇ ਉਸ ਦੇ ਪਤੀ ਨਾਲ ਉਸ ਦੀ ਬਹਿਸ ਹੋਣ ਲੱਗੀ ਅਤੇ ਉਸ ਸ਼ਖਸ ਨੇ ਬੀਬੀ ’ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਗਿ੍ਰਫ਼ਤਾਰ ਕੀਤੇ ਗਏ ਸ਼ਖਸ ਦੀ ਪਛਾਣ ਉਜਾਗਰ ਨਹੀਂ ਕੀਤੀ ਹੈ। ਉਸ ਦੀ ਉਮਰ 27 ਸਾਲ ਹੈ ਅਤੇ ਉਹ ਗ੍ਰੇਟਰ ਟੋਰਾਂਟੋ ਖੇਤਰ ਦਾ ਰਹਿਣ ਵਾਲਾ ਹੈ।
ਇੱਥੇ ਦੱਸ ਦਈਏ ਕਿ ਭਾਰਤ ਦੀ ਬਣੀ ਕੋਵਿਡ ਵੈਕਸੀਨ ਕੈਨੇਡਾ ਪਹੁੰਚਣ ਦੀ ਖੁਸ਼ੀ ’ਚ ਐਤਵਾਰ ਨੂੰ ਤਿਰੰਗਾ-ਮੇਪਲ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਇਸ ਰੈਲੀ ’ਚ ਭਾਰਤੀ ਤਿਰੰਗੇ ਅਤੇ ਕੈਨੇਡਾ ਦੇ ਝੰਡੇ ਲੱਗੀਆਂ ਹੋਈਆਂ 350 ਕਾਰਾਂ ਸ਼ਾਮਲ ਹੋਈਆਂ ਸਨ। ਇਸ ਰੈਲੀ ਦੌਰਾਨ ਹਿੰਸਾ ਭੜਕ ਗਈ, ਜਿਸ ਦੇ ਵੀਡੀਓ ਵੀ ਮਿਲੇ ਹਨ।
ਹਿੰਸਾ ਦੀ ਇਹ ਘਟਨਾ ਅਜਿਹੇ ਸਮੇਂ ’ਚ ਸਾਹਮਣੇ ਆਈ ਹੈ, ਜਦੋਂ ਭਾਰਤ ਵਿਚ ਲਾਗੂ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਪੱਖ ਵਿਚ ਬੋਲਣ ਵਾਲੇ ਲੋਕਾਂ ਨੂੰ ਧਮਕੀ ਦੇਣ ਦੀਆਂ ਖ਼ਬਰਾਂ ਮਿਲੀਆਂ ਸਨ।

Share