ਕੈਨੇਡਾ ’ਚ ਤਿਰੰਗਾ ਕਾਰ ਰੈਲੀ ਦੌਰਾਨ ਹੋਈ ਹਿੰਸਾ ਦੇ ਮਾਮਲੇ ’ਚ ਜਗਮੀਤ ਸਿੰਘ ਦਾ ਰਿਸ਼ਤੇਦਾਰ ਗ੍ਰਿਫ਼ਤਾਰ

260
Share

ਕੈਨੇਡਾ, 14 ਮਾਰਚ (ਪੰਜਾਬ ਮੇਲ)- ਕੈਨੇਡਾ ਦੀ ਪੁਲਸ ਨੇ ਗ੍ਰੇਟਰ ਟੋਰਾਂਟੋ ਏਰੀਏ ਵਿਚ ਆਯੋਜਿਤ ਤਿਰੰਗਾ ਕਾਰ ਰੈਲੀ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿਚ ਜੋਧਵੀਰ ਧਾਲੀਵਾਲ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਨੇਡਾ ਦੀ ਅੰਗਰੇਜੀ ਅਖ਼ਬਾਰ ਨੈਸ਼ਨਲ ਪੋਸਟ ਮੁਤਾਬਕ ਜੋਧਵੀਰ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਦਾ ਕਰੀਬੀ ਰਿਸ਼ਤੇਦਾਰ ਹੈ। ਜੋਧਵੀਰ ’ਤੇ ਇਕ ਵਿਖਾਵਾਕਾਰੀ ਨੂੰ ਧੱਕਾ ਮਾਰਨ ਦੀ ਵੀਡੀਓ ਸਾਹਮਣੇ ਆਈ ਸੀ। ਦੱਸਿਆ ਗਿਆ ਹੈ ਕਿ ਧਾਲੀਵਾਲ ਦਾ ਵਿਆਹ ਜਗਮੀਤ ਸਿੰਘ ਦੀ ਪਤਨੀ ਦੀ ਭੈਣ ਨਾਲ ਹੋਇਆ ਹੈ ਅਤੇ ਉਹ ਲਿਬਰਲ ਪਾਰਟੀ ਦੀ ਸਾਂਸਦ ਰੂਬੀ ਸਹੋਤਾ ਦਾ ਵੀ ਰਿਸ਼ਤੇਦਾਰ ਹੈ। ਇਸ ਤੋਂ ਪਹਿਲਾਂ ਬਰੈਂਪਟਨ ਦੇ 27 ਸਾਲਾ ਜਸਕਰਨ ਸਿੰਘ ਨੂੰ 5 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ’ਤੇ ਇਕ ਬੀਬੀ ’ਤੇ ਹਮਲਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਭਾਰਤ ਦੀ ਬਣੀ ਕੋਵਿਡ ਵੈਕਸੀਨ ਕੈਨੇਡਾ ਪਹੁੰਚਣ ਦੀ ਖੁਸ਼ੀ ਵਿਚ ਤਿਰੰਗਾ-ਮੇਪਲ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਇਸ ਰੈਲੀ ਵਿਚ ਭਾਰਤੀ ਤਿਰੰਗੇ ਅਤੇ ਕੈਨੇਡਾ ਦੇ ਝੰਡੇ ਲੱਗੀਆਂ ਹੋਈਆਂ 350 ਕਾਰਾਂ ਸ਼ਾਮਲ ਹੋਈਆਂ ਸਨ। ਇਸ ਰੈਲੀ ਦੌਰਾਨ ਹਿੰਸਾ ਭੜਕ ਗਈ ਜਿਸ ਦੇ ਵੀਡੀਓ ਵੀ ਮਿਲੇ ਹਨ। ਵੀਡੀਓ ਵਿਚ ਹਿੰਸਾ ਲਈ ਜ਼ਿੰਮੇਵਾਰ ਕੁਝ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਖਾਲਿਸਤਾਨੀ ਝੰਡੇ ਵੀ ਨਜ਼ਰ ਆ ਰਹੇ ਹਨ।


Share