ਕੈਨੇਡਾ ‘ਚ ਟਰਾਲਿਆਂ ਨੂੰ ਲੱਗੀ ਅੱਗ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ

811
Share

ਬਰੈਂਪਟਨ, 26 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਰਿਵਲ ਸਟੋਕ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ 2 ਨੌਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਅਰਸ਼ਪ੍ਰੀਤ ਸਿੰਘ ਹੁੰਦਲ ਤੇ ਸਿਦਕਪਾਲ ਸਿੰਘ ਰੰਧਾਵਾ ਵਜੋਂ ਹੋਈ ਹੈ। 24 ਸਾਲਾ ਮ੍ਰਿਤਕ ਸਿਦਕਪਾਲ ਸਿੰਘ ਰੰਧਾਵਾ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸੈਂਸਰਾਂ ਕਲਾਂ ਤਹਿਸੀਲ ਅਜਨਾਲਾ (ਅੰਮ੍ਰਿਤਸਰ) ਅਤੇ ਦੂਸਰਾ ਮ੍ਰਿਤਕ ਨੌਜਵਾਨ ਅਰਸ਼ਪ੍ਰੀਤ ਸਿੰਘ ਹੁੰਦਲ ਪਿੰਡ ਰਾਮਦੀਵਾਲੀ ਬਲਾਕ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ।
ਮਿਲੀ ਜਾਣਕਾਰੀ ਮੁਤਾਬਕ ਸਿਦਕਪਾਲ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਰਹਿੰਦਾ ਸੀ ਤੇ ਟਰਾਲਾ ਲੈ ਕੇ ਸਰੀ ਵੱਲੋਂ ਆ ਰਿਹਾ ਸੀ। ਬਰੈਂਪਟਨ ਆਉਂਦੇ ਸਮੇਂ ਰਸਤੇ ‘ਚ 2 ਟਰਾਲਿਆਂ ਦੀ ਹੋਈ ਭਿਆਨਕ ਟੱਕਰ ਕਾਰਣ ਨੌਜਵਾਨਾਂ ਦੇ ਟਰਾਲੇ ਨੂੰ ਅੱਗ ਲੱਗ ਗਈ ਤੇ ਇਸ ਹਾਦਸੇ ‘ਚ ਦੋਵਾਂ ਪੰਜਾਬੀ ਨੌਜਵਾਨਾਂ ਸਿਦਕਪਾਲ ਸਿੰਘ ਅਤੇ ਅਰਸ਼ਪ੍ਰੀਤ ਸਿੰਘ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਅਰਸ਼ਦੀਪ ਸਿੰਘ ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਲੜਕਾ ਸੀ ਅਤੇ ਇਸ ਦੀ ਇਕ ਭੈਣ ਵੀ ਕੈਨੇਡਾ ‘ਚ ਹੀ ਰਹਿ ਰਹੀ ਹੈ ਅਤੇ ਇਹ ਨੌਜਵਾਨ ਸਾਲ 2017 ‘ਚ ਪੜ੍ਹਾਈ ਮੁਕੰਮਲ ਕਰਨ ਬਾਅਦ ਕੈਨੇਡਾ ਗਿਆ ਸੀ।
ਸਿਦਕਪਾਲ ਸਿੰਘ ਕਰੀਬ ਢਾਈ ਸਾਲ ਪਹਿਲਾ ਪੜ੍ਹਾਈ ਕਰਨ ਲਈ ਬਰੈਂਪਟਨ (ਕੈਨੇਡਾ) ਆਇਆ ਸੀ, ਜਿਸ ਦੀ ਪੜ੍ਹਾਈ ਵੀ ਹੁਣ ਪੂਰੀ ਹੋ ਚੁੱਕੀ ਸੀ ਅਤੇ ਹੁਣ ਉਹ ਵਰਕ ਪਰਮਿਟ ਲੈ ਕੇ ਟਰਾਲਾ ਚਲਾਉਣ ਦਾ ਕੰਮ ਕਰ ਰਿਹਾ ਸੀ।
ਨਵੇਂ ਬਣ ਰਹੇ ਡਰਾਈਵਰ ਨੌਜਵਾਨਾਂ ਨੂੰ ਕਮਰਸ਼ੀਅਲ ਵਹੀਕਲ ਲਈ ਤਜ਼ਰਬਾ ਹੋਣਾ ਜ਼ਰੂਰੀ ਹੈ। ਬਰੀਕੀਆਂ ਸਿੱਖਣੀਆਂ ਬਹੁਤ ਜ਼ਰੂਰੀ ਹੈ। ਸਥਾਨਕ ਕੰਪਨੀਆਂ ਨੂੰ ਵੀ ਬੇਨਤੀ ਆ ਕਿ ਤਜ਼ਰਬੇ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾਣ, ਤਾਂ ਕਿ ਇਸ ਤਰ੍ਹਾਂ ਦੀਆਂ ਦਰਦਨਾਕ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।


Share